ਬੇਰੁਜ਼ਗਾਰਾਂ ਨੂੰ ਕਦੋਂ ਮਿਲੇਗਾ ਰੁਜ਼ਗਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਅੱਜ ਲੀਲਾ ਭਵਨ ਚੌਂਕ ਵਿਖੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੇਰੁਜ਼ਗਾਰ ਰੋਜ਼ ਹੀ ਸੰਘਰਸ਼ ਕਰਕੇ ਪੁਤਲੇ ਫ਼ੂਕ ਰਹੇ ਹਨ, ਬੇਰੁਜ਼ਗਾਰ ਰੁਜ਼ਗਾਰ ਕਦੋਂ ਸਰਕਾਰ ਦੇਵੇਗੀ?

ਇਸ ਮੌਕੇ ਨਿਊਜ਼ਨੰਬਰ ਨਾਲ ਗੱਲਬਾਤ ਕਰਦਿਆਂ ਹੋਇਆ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੂਬਾ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਕੁਲਦੀਪ ਖੋਖਰ, ਨਿਰਮਲ ਜ਼ੀਰਾ, ਸੁਖਜੀਤ ਨਾਭਾ, ਬਲਵਿੰਦਰ ਨਾਭਾ ਤੇ ਹਰਪ੍ਰੀਤ ਕੌਰ ਮਾਨਸਾ ਨੇ ਕਿਹਾ ਕਿ ਲਗਾਤਾਰ ਦੋ ਮਹੀਨਿਆਂ ਤੋਂ ਮੀਟਿੰਗਾਂ ਵਿੱਚ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਮੰਗਾਂ ਨਾ ਮੰਨ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਪੰਜਾਬ ਸਰਕਾਰ ਦੇ ਹੁਣ ਕਿਸੇ ਵੀ ਲਾਰੇ ਵਿਚ ਨਹੀਂ ਆਉਣਗੇ। ਜਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਲਿਖਤੀ ਰੂਪ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਗੁਪਤ ਐਕਸ਼ਨ ਜਾਰੀ ਰਹਿਣਗੇ।

ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ ਹਨ ਕਿ 10000 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। 2364 ਈ.ਟੀ.ਟੀ. ਦੀਆਂ ਅਸਾਮੀਆਂ ਵਿੱਚ ਸਿਰਫ਼ ਈ.ਟੀ.ਟੀ. ਟੈੱਟ ਪਾਸ ਉਮੀਦਵਾਰਾਂ ਨੂੰ ਹੀ ਵਿਚਾਰਿਆ ਜਾਵੇ। ਸਿੱਖਿਆ ਪ੍ਰੋਵਾਈਡਰ ਤੇ ਵਲੰਟੀਅਰਾਂ ਨੂੰ ਦਿੱਤੇ ਗਏ ਵਾਧੂ ਅੰਕਾਂ ਦੀ ਸ਼ਰਤ ਹਟਾਈ ਜਾਵੇ। ਉਚੇਰੀ ਯੋਗਤਾ ਦੇ ਨੰਬਰਾਂ ਦੀ ਸ਼ਰਤ ਹਟਾਈ ਜਾਵੇ। ਨੌਕਰੀ ਲਈ ਉਮਰ ਹੱਦ ਵਿਚ ਛੋਟ ਦਿੱਤੀ ਜਾਵੇ।