ਕੈਪਟਨ ਸਿੱਧੂ ਨੂੰ ਵੇਖ ਕੇ ਅੱਖਾਂ ਕਿਉਂ ਮੀਚ ਗਈ ਪੁਲਿਸ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਹੋਇਆ। ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੂਬੇ ਭਰ ਤੋਂ ਕਾਂਗਰਸੀਆਂ ਤੋਂ ਇਲਾਵਾ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕ ਤੇ ਮੰਤਰੀ ਪਹੁੰਚੇ ਸਨ।

ਬੇਸ਼ਕ ਸਮਾਗਮ ਸ਼ਾਂਤੀਪੂਰਨ ਹੋ ਨਿਬੜਿਆ, ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਮਿਲੀ ਹੈ ਕਿ ਚੰਡੀਗੜ੍ਹ ਪੁਲਿਸ ਨੇ ਸਮਾਗਮ ਵਿਚ ਕਾਂਗਰਸੀਆਂ ਦੀ ਉਮੜ੍ਹੀ ਭੀੜ ‘ਤੇ ਸਖਤੀ ਵਿਖਾਉਂਦੇ ਹੋਏ ਵੱਡੀ ਪੱਧਰ ‘ਤੇ ਨਵਜੋਤ ਸਿੱਧੂ ਦੇ ਸਮਰਥਕਾਂ ਤੋਂ ਇਲਾਵਾ ਅਣਪਛਾਤੇ ਕਾਂਗਰਸੀਆਂ ਖ਼ਿਲਾਫ਼ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਇਥੇ ਦੱਸਦੇ ਚਲੀਏ ਕਿ ਪੁਲਿਸ ਨੇ ਕਿਸੇ ਵੀ ਸਿਆਸੀ ਚਿਹਰੇ ਦਾ ਸਿੱਧੇ ਤੌਰ ‘ਤੇ ਮੁਕੱਦਮੇ ਵਿਚ ਨਾਮ ਸ਼ਾਮਲ ਨਹੀਂ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਵੀਡੀਓਗ੍ਰਾਫੀ ਬੀਤੇ ਕੱਲ੍ਹ ਪੁਲਿਸ ਵੱਲੋਂ ਕਰ ਲਈ ਗਈ ਸੀ ਅਤੇ ਚਿਹਰਿਆਂ ਦੀ ਪਛਾਣ ਕਰਕੇ, ਉਹਨਾਂ ਨੂੰ ਐਫਆਈਆਰ ਵਿੱਚ ਸ਼ਾਮਲ ਕੀਤਾ ਜਾਵੇਗਾ।

ਜਦੋਂਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲਿਸ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੇਖ ਕੇ ਅੱਖਾਂ ਮੀਚ ਗਈ। ਇਸੇ ਕਰਕੇ ਹੀ ਪੁਲਿਸ ਨੇ ਸਿਰਫ਼ ਤੇ ਸਿਰਫ ਅਣਪਛਾਤੇ ਕਾਂਗਰਸੀਆਂ ਤੇ ਮਾਮਲਾ ਦਰਜ ਕੀਤਾ ਹੈ। ਨਾਲੇ ਚੰਡੀਗੜ੍ਹ ਵਿਚ ਏਨਾ ਵੱਡਾ ਇਕੱਠ ਕਰਨ ਤੇ ਪਾਬੰਦੀ ਹੈ, ਪਰ ਫਿਰ ਵੀ ਪੁਲਿਸ ਨੇ ਆਪਹੁਦਰੀ ਵਿਖਾਉਂਦੇ ਹੋਏ ਕਾਂਗਰਸ ਨੂੰ ਏਨਾ ਵੱਡਾ ਇਕੱਠ ਕਰਨ ਦਿੱਤਾ।