ਕਾਂਗਰਸ ਭਵਨ ਕੀ ਹੋਇਆ, ਜਿਸਨੂੰ ਵੇਖ ਕੈਪਟਨ-ਸਿੱਧੂ ਹੋਏ ਹੈਰਾਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਚੇ ਅਧਿਆਪਕਾਂ ਨੇ ਅੱਜ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਚਕਮਾ ਦੇ ਕੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਦੀ ਤਾਜਪੋਸ਼ੀ ਸਮਾਗਮ ਮੌਕੇ ਕਾਂਗਰਸ ਭਵਨ ਦੀ ਛੱਤ ’ਤੇ ਚੜ੍ਹਕੇ ਕੈਪਟਨ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਚੰਡੀਗੜ੍ਹ ਸੈਕਟਰ 15 ਦੇ ਕਾਂਗਰਸ ਭਵਨ ’ਚ ਰੱਖੇ ਗਏ ਸਮਾਗਮ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਾਰੇ ਮੰਤਰੀ, ਕਾਂਗਰਸ ਹਾਈਕਮਾਂਡ ਦੇ ਆਗੂ, ਸੂਬੇ ਭਰ ਵਿੱਚੋਂ ਵੱਡੀ ਗਿਣਤੀ ਕਾਂਗਰਸ ਆਗੂ ਤੇ ਵਰਕਰ ਪਹੁੰਚੇ ਸਨ।

ਕੱਚੇ ਅਧਿਆਪਕ ਕਾਂਗਰਸੀ ਵਰਕਰਾਂ ਨਾਲ ਪਹਿਲਾਂ ਹੀ ਉਥੇ ਪਹੁੰਚ ਗਏ, ਜਿਨ੍ਹਾਂ ਵਿੱਚ ਮਹਿਲਾ ਅਧਿਆਪਕਾਂ ਵੀ ਸ਼ਾਮਲ ਸਨ।

ਸਮਾਗਮ ਦੌਰਾਨ ਸਰਕਾਰ ਦੀਆਂ ਨੀਤੀਆਂ ਤੋਂ ਦੁੱਖੀ ਅਧਿਆਪਕ ਕਾਂਗਰਸ ਭਵਨ ਦੀ ਛੱਤ ਉਤੇ ਜਾ ਚੜ੍ਹੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਪੁਲਿਸ ਨੂੰ ਮੌਕੇ ਉਤੇ ਭਜੜ ਪੈ ਗਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬੱਸਾਂ ਵਿੱਚ ਬੈਠਾ ਕੇ ਲੈ ਗਈ।

ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕੱਚੇ ਅਧਿਆਪਕ ਆਪਣੀਆਂ ਸੇਵਾਵਾਂ ਰੈਗੂਲਰ ਕਰਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਸਿੱਖਿਆ ਭਵਨ ਮੋਹਾਲੀ ਦੇ ਗੇਟ ਉਤੇ ਪੱਕਾ ਮੋਰਚਾ ਲਗਾਇਆ ਹੋਇਆ ਹੈ।

ਕੁਝ ਅਧਿਆਪਕ ਸਿੱਖਿਆ ਭਵਨ ਦੀ ਛੱਤ ਉਤੇ ਦਿਨ ਰਾਤ ਡੱਟੇ ਹੋਏ ਹਨ। ਇਸ ਸਮੇਂ ਦੌਰਾਨ ਅਧਿਆਪਕਾਂ ਨੇ ਕਈ ਵਾਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਤਾਂ ਪੁਲਿਸ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਦੌਰਾਨ ਸਰਕਾਰ ਨਾਲ ਕਈ ਵਾਰ ਗੱਲਬਾਤ ਵੀ ਹੋਈ, ਪਰ ਕਿਸੇ ਸਿਰੇ ਨਾ ਲੱਗੀ।