ਅੰਦੋਲਨ ਸ਼ਾਂਤਮਈ ਢੰਗ ਨਾਲ ਹੀ ਜਿੱਤੇ ਜਾਂਦੇ ਨੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਕਿਸਾਨਾਂ ਦੇ ਵੱਲੋਂ ਸੰਸਦ ਭਵਨ ਦਾ ਘਿਰਾਓ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਹੋਇਆਂ ਦਿੱਲੀ ਪੁਲੀਸ ਦੇ ਵੱਲੋਂ ਜੰਤਰ ਮੰਤਰ ਸਟੇਡੀਅਮ ਜੋ ਦਿੱਲੀ ਵਿਖੇ ਮੌਜੂਦ ਹੈ, ਉੱਥੇ ਹੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਕਿਸਾਨਾਂ ਦੇ ਜਥੇ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਹਨ। ਸਭ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਗਰੁੱਪ ਦਿੱਲੀ ਜੰਤਰ ਮੰਤਰ ਸਟੇਡੀਅਮ ਦੇ ਵੱਲ ਰਵਾਨਾ ਹੋਇਆ।

ਇਸ ਤੋਂ ਮਗਰੋਂ ਹੋਰਨਾਂ ਜਥੇਬੰਦੀਆਂ ਦੇ ਜਥੇ ਵੀ ਰਵਾਨਾ ਹੋ ਰਹੇ ਹਨ। ਦੱਸਦੇ ਚਲੀਏ ਇਸੇ ਦੌਰਾਨ ਹੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਇਕ ਵੱਡਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣੀ ਪੈਣੀ ਹੈ, ਕਿਉਂਕਿ ਸਰਕਾਰ 26 ਜਨਵਰੀ ਦੇ ਵਾਂਗ ਬਹੁਤ ਸਾਰੇ ਹੱਥਕੰਡੇ ਅਪਣਾ ਸਕਦੀ ਹੈ, ਤਾਂ ਜੋ ਮੋਰਚੇ ਨੂੰ ਖਤਮ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਸ਼ਾਂਤੀ ਬਣਾਈ ਰੱਖਣ, ਜੰਤਰ ਮੰਤਰ ਸਟੇਡੀਅਮ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰਨ ਅਤੇ ਆਪਣਾ ਰੋਸ ਪ੍ਰਗਟਾ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਮੰਗ ਕਰਨ।

ਰਾਜੇਵਾਲ ਨੇ ਹੁੱਲੜਬਾਜ਼ਾਂ ਤੋਂ ਵੀ ਬਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਛੱਬੀ ਜਨਵਰੀ ਦੇ ਵਾਂਗ ਕਿਤੇ ਕੋਈ ਹੁੱਲੜਬਾਜ਼ ਆ ਕੇ ਕਿਸਾਨ ਮੋਰਚੇ ਨੂੰ ਖ਼ਰਾਬ ਨਾ ਕਰ ਦੇਵੇ। ਉਨ੍ਹਾਂ ਨੇ ਸਭਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਕੇ ਹੀ ਮੋਰਚਾ ਜਿੱਤ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਇਹ ਵੀ ਦਿੰਦੇ ਹੋਏ ਕਿਹਾ ਕਿ ਉਹ ਦਿੱਲੀ ਦੀਆਂ ਸਰਹੱਦਾਂ ਤੋਂ ਉਦੋਂ ਹੀ ਵਾਪਸ ਜਾਣਗੇ ਜਦੋਂ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਵੇਗੀ।