ਕੀ ਡਿੱਗੇਗੀ ਅਮਰਿੰਦਰ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਜਿਸ ਪ੍ਰਕਾਰ ਕਾਂਗਰਸ ਦਾ ਕਾਟੋ ਕਲੇਸ਼ ਚੱਲ ਰਿਹਾ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਬਹੁਤ ਜਲਦ ਕਾਂਗਰਸ ਵਿੱਚ ਕੋਈ ਵੱਡਾ ਧਮਾਕਾ ਹੋਣ ਵਾਲਾ ਹੈ। ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਹੈ ਕਿ ਸਿੱਧੂ ਬੁੱਧਵਾਰ ਕਾਂਗਰਸ ਦੇ 60 ਤੋਂ ਵੱਧ (ਲਗਭਗ 62) ਵਿਧਾਇਕ ਦੇ ਘਰ ਪਹੁੰਚੇ।

ਇਸੇ ਦੌਰਾਨ ਸਿੱਧੂ ਦਾ ਹਰ ਵਿਧਾਇਕ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਵਧਾਈਆਂ ਦਿੱਤੀਆਂ ਗਈਆਂ। ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਤਾਂ ਵਧਾਈ ਦਿੱਤੀ ਨਹੀਂ ਗਈ, ਜਦੋਂਕਿ ਕੈਪਟਨ ਦੇ ਸੱਜੇ ਖੱਬੇ ਵਿਧਾਇਕ ਅਤੇ ਮੰਤਰੀ ਸਿੱਧੂ ਨੂੰ ਵਧਾਈਆਂ ਦੇ ਰਹੇ ਹਨ।

ਸਿੱਧੂ ਦੇ ਨਾਲ ਹੋਈ 60 ਤੋਂ ਵਧੇਰੇ ਵਿਧਾਇਕਾਂ ਦੀ ਮੁਲਾਕਾਤ ਇਹ ਸਾਬਤ ਕਰਦੀ ਹੈ ਕਿ ਪੰਜਾਬ ਦੇ ਅੰਦਰ ਅਮਰਿੰਦਰ ਪੰਜਾਬ ਦਾ ਕੈਪਟਨ ਨਹੀਂ, ਬਲਕਿ ਸਿੱਧੂ ਪੰਜਾਬ ਦਾ ਕੈਪਟਨ ਬਣ ਗਿਆ ਹੈ।

ਜ਼ੀਰੋ ਤੋਂ ਹੀਰੋ ਬਣਿਆ ਸਿੱਧੂ ਜਿਸ ਤਰ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਆਪਣੇ ਨਾਲ ਜੋੜ ਰਿਹਾ ਹੈ ਅਤੇ ਕਈ ਵਿਧਾਇਕ ਕੈਪਟਨ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਸਿੱਧੂ ਦੇ ਨਾਲ ਜੁੜ ਰਹੇ ਹਨ, ਉਹਦੇ ਤੋਂ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਵੀ ਦੇ ਸਕਦੇ ਹਨ, ਕਿਉਂਕਿ ਵਿਧਾਇਕਾਂ ਅਤੇ ਮੰਤਰੀਆਂ ਦਾ ਦਬਾਅ ਉਹਦੇ ਤੇ ਬਹੁਤ ਜ਼ਿਆਦਾ ਹੈ।

ਸਿੱਧੂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੀਆਂ ਗੱਲਾਂ ਕਰਨ ਵਾਲੇ ਅਮਰਿੰਦਰ ਇੰਨੀ ਦਿਨੀਂ ਕਾਂਗਰਸ ਹਾਈਕਮਾਨ ਦੇ ਫ਼ੈਸਲਿਆਂ ਨੂੰ ਵੀ ਮੰਨਣ ਤੋਂ ਇਨਕਾਰ ਕਰ ਰਹੇ ਹਨ। ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਅਮਰਿੰਦਰ ਦੀ ਨਾਰਾਜ਼ਗੀ ਸਿੱਧੂ ਨਾਲ ਤਾਂ ਹੈ ਹੀ, ਨਾਲ ਹੀ ਪਾਰਟੀ ਹਾਈਕਮਾਨ ਨਾਲ ਵੀ ਹੈ, ਜਿਨ੍ਹਾਂ ਨੇ ਕੈਪਟਨ ਤੋਂ ਵਧੇਰੇ ਸਿੱਧੂ ਦੀ ਸੁਣੀ ਹੈ।

ਸਿੱਧੂ ਦੀ ਬੱਲੇ ਬੱਲੇ ਤੋਂ ਕੈਪਟਨ ਦੁਖੀ ਹੋ ਚੁੱਕਿਆ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ, ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਨੂੰ ਜਿਸ ਤਰ੍ਹਾਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਕਾਂਗਰਸੀ ਵਿਧਾਇਕ ਕੈਪਟਨ ਨਾਲੋਂ ਟੁੱਟ ਕੇ ਸਿੱਧੂ ਨਾਲ ਜੁੜ ਰਹੇ ਹਨ, ਉਹਦੇ ਤੋਂ ਲੱਗ ਰਿਹਾ ਹੈ ਕਿ, ਆਗਾਮੀ ਸਮੇਂ ਵਿੱਚ ਸਿੱਧੂ ਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ।

ਸਿਆਸੀ ਮਾਹਿਰਾਂ ਦਾ ਅੰਦਾਜ਼ਾ ਇਹ ਵੀ ਹੈ ਕਿ, ਜੇਕਰ ਪੰਜਾਬ ਕਾਂਗਰਸ ਦੇ 60 ਤੋਂ ਵਧੇਰੇ ਵਿਧਾਇਕ ਅਤੇ ਮੰਤਰੀ ਸਿੱਧੂ ਦੇ ਨਾਲ ਖੜਦੇ ਹਨ ਅਤੇ ਮਤਾ ਪਾਸ ਕਰਕੇ ਹਾਈਕਮਾਨ ਨੂੰ ਭੇਜਦੇ ਹਨ ਕਿ, ਪੰਜਾਬ ਦਾ ਮੁੱਖ ਮੰਤਰੀ ਬਦਲ ਦਿਓ ਤਾਂ, ਹੋ ਸਕਦੈ ਕਿ ਆਗਾਮੀ ਦਿਨਾਂ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੀ ਕਿਤੇ ਸਿੱਧੂ ਨੂੰ ਹਾਈਕਮਾਨ ਨਾ ਬਣਾ ਦੇਵੇ।

ਖ਼ੈਰ, ਸਿੱਧੂ-ਕੈਪਟਨ ਦੀ ਲੜ੍ਹਾਈ ਹਾਲੇ ਜਾਰੀ ਹੈ ਅਤੇ ਸ਼ੁੱਕਰਵਾਰ ਨੂੰ ਨਵਜੋਤ ਸਿੱਧੂ ਦੀ ਤਾਜ਼ਪੋਸ਼ੀ ਹੈ। ਇਸ ਤਾਜ਼ਪੋਸ਼ੀ ਸਮੇਂ ਰਾਹੁਲ ਗਾਂਧੀ ਵੀ ਪੰਜਾਬ ਪੁੱਜ ਰਹੇ ਹਨ, ਜਿਸ ਦੌਰਾਨ ਪਤਾ ਲੱਗ ਜਾਵੇਗਾ ਕਿ, ਕੈਪਟਨ ਉੱਥੇ ਪੁੱਜਦੇ ਹਨ ਜਾਂ ਨਹੀਂ। ਜੇਕਰ ਕੈਪਟਨ ਨਹੀਂ ਪੁੱਜਦੇ ਤਾਂ, ਉਹਦੀ ਕੁਰਸੀ ਅਗਲੇ ਦਿਨਾਂ ਵਿੱਚ ਖੁੱਸ ਸਕਦੀ ਹੈ।