ਕਿਸਾਨ ਹੁਣ ਜੰਤਰ ਮੰਤਰ ਲਾਉਣਗੇ ਡੇਰੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਜਥੇਬੰਦੀਆਂ ਦਾ ਰੋਸ ਪ੍ਰਦਰਸ਼ਨ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਜਾਰੀ ਹੈ। ਕਿਸਾਨਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਪਰ ਢੀਠ ਨੀਤੀ ਅਪਣਾ ਕੇ ਬੈਠੀ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਨੂੰ ਤਿਆਰ ਨਹੀਂ ਹੈ। ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਦੱਸਣਾ ਬਣਦਾ ਹੈ ਕਿ, ਭਲਕੇ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੰਗ ਕਿਸਾਨ ਦਿੱਲੀ ਦੇ ਜੰਤਰ ਮੰਤਰ ਸਟੇਡੀਅਮ ਵਿਖੇ ਡੇਰੇ ਲਾਉਣਗੇ। ਕਿਸਾਨਾਂ ਨੂੰ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲੀ ਗਈ ਹੈ। ਕਰੀਬ 200 ਕਿਸਾਨ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ। ਇਹ ਖ਼ਬਰ ਦਿੱਲੀ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ ਅਤੇ ਕਿਸਾਨ ਭਲਕੇ 22 ਜੁਲਾਈ ਨੂੰ 5 ਬੱਸਾਂ ਰਾਹੀਂ ਜੰਤਰ-ਮੰਤਰ 11 ਵਜੇ ਪੁੱਜ ਜਾਣਗੇ।

ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਪ੍ਰਦਰਸ਼ਨ ਸ਼ਾਂਤਮਈ ਹੋਵੇਗਾ। ਕਿਸਾਨਾਂ ਦੀਆ ਬੱਸਾਂ ਪੁਲਿਸ ਨਿਗਰਾਨੀ ‘ਚ ਜੰਤਰ-ਮੰਤਰ ਪੁੱਜਣਗੀਆਂ। ਪੁਲਿਸ ਵੱਲੋ ਜੰਤਰ-ਮੰਤਰ ‘ਤੇ ਸਖਤ ਸੁਰੱਖਿਆ ਦੇ ਇੰਤਜਾਮ ਕੀਤੇ ਜਾ ਰਹੇ ਹਨ।

ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ 5-5 ਦੇ ਮੈਂਬਰਾਂ ਦੇ ਗਰੁੱਪ ‘ਚ ਜੰਤਰ-ਮੰਤਰ ਜਾਣਗੇ ਅਤੇ ਹਰ ਗਰੁੱਪ ਦਾ ਇਕ ਆਗੂ ਹੋਵੇਗਾ। ਇਸ ਤੋਂ ਬਿਨਾ ਹਰ ਕਿਸਾਨ ਕੋਲ ਆਪਣਾ ਆਧਾਰ ਕਾਰਡ ਹੋਵੇਗਾ ਅਤੇ ਕਿਸਾਨ ਮੋਰਚੇ ਵੱਲੋਂ ਜਾਰੀ ਕੀਤਾ ਕਾਰਡ ਵੀ ਹੋਵੇਗਾ। ਸੂਤਰਾਂ ਮੁਤਾਬਿਕ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਹੀ ਕਿਸਾਨਾਂ ਨੂੰ ਲਿਆਵੇਗੀ ਅਤੇ ਛੱਡ ਕੇ ਜਾਵੇਗੀ।