ਬਕਰੀਦ ਮੌਕੇ ਹੋ ਗਿਆ ਵਕਫ ਬੋਰਡ ਦੀ ਜ਼ਮੀਨ 'ਤੇ ਕਬਜ਼ਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਹਾਲੀ ਦੇ ਸੈਕਟਰ 109 ਵਿਖੇ ਲਾਡਰਾਂ ਬਨੂੜ ਹਾਈਵੇ ਤੇ ਉਸਾਰੀ ਅਧੀਨ ਮਸਜਿਦ ਦਾ ਕੰਮ ਨੇਪਰੇ ਚੜਾਉਣ ਲਈ ਨਵੀ ਬਣੀ ਮਸਜਿਦ ਇੰਤਜਾਮੀਆਂ ਕਮੇਟੀ ਦਿਨ-ਰਾਤ ਲੱਗੀ ਹੋਈ ਹੈ, ਪ੍ਰੰਤੂ ਉਸਾਰੀ ਅਧੀਨ ਸਥਾਨ ਤੇ ਗੈਰ-ਕਾਨੂੰਨੀ ਕਬਜਾਧਾਰਕਾਂ ਵਲੋਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਸਬੰਧੀ ਇੱਕ ਮਹੀਨਾ ਪਹਿਲਾਂ ਵਕਫ ਬੋਰਡ ਦੇ ਚੇਅਰਮੈਨ ਜਨੈਦ ਰਜਾ ਵਲੋਂ ਖੁਦ ਆਕੇ ਸਥਿਤੀ ਦੇਖੀ ਵੀ ਜਾ ਚੁੱਕੀ ਹੈ ਅਤੇ ਮੌਕੇ ਤੇ ਮੌਜੂਦ ਕਬਜਾਧਾਰਕ ਨੂੰ ਸਥਾਨ ਖਾਲੀ ਕਰਨ ਦੇ ਜੁਬਾਨੀ ਹੁਕਮ ਜਾਰੀ ਵੀ ਕੀਤੇ ਜਾ ਚੁੱਕੇ ਹਨ, ਪ੍ਰੰਤੂ ਹਾਲੇ ਤੱਕ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।

ਮਸਜਿਦ ਕਮੈਟੀ ਨੇ ਇਹ ਮਾਮਲਾ ‘ਪੰਜਾਬ ਅਗੇੰਸਟ ਕੁਰੱਪਸ਼ਨ’ ਦੇ ਪ੍ਰਧਾਨ ਸਤਨਾਮ ਦਾਉਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਅਤੇ ਉਹਨਾ ਇਸ ਸਬੰਧੀ ਉੱਚ ਅਫਸਰਾਂ ਨੂੰ ਲਿਖਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਟ ਮੰਤਰੀ ਰਜੀਆ ਸੁਲਤਾਨਾ ਪਾਸੋਂ ਫੌਰੀ ਦਖਲ ਦੇਣ ਲਈ ਪੱਤਰ ਲਿਖਿਆ ਹੈ।

ਵਿਸ਼ੇ ਤੇ ਗੱਲ ਕਰਦਿਆਂ ਮਸਜਿਦ ਕਮੈਟੀ ਦੇ ਪ੍ਰਧਾਨ ਐਸ ਆਰ ਸੈਫੀ ਨੇ ਦੋਸ਼ ਲਗਾਇਆ ਹੈ ਕਿ ਪਹਿਲਾਂ ਕਾਰੀ ਸਮਸ਼ੇਰ ਅਤੇ ਹਾਜੀ ਸ਼ਬੀਰ ਵਲੋਂ ਮਸਜਿਦ ਬਨਾਉਣ ਦੇ ਨਾਮ ਹੇਠ ਵਕਫ ਬੋਰਡ ਪਾਸੋ ਲਈ ਹੋਈ ਸੀ।

ਮਸਜਿਦ ਬਨਾਉਣ ਦੇ ਨਾਮ ਹੇਠ ਲੋਕਾਂ ਪਾਸੋ ਕਈ ਸਾਲ ਚੰਦੇ ਪ੍ਰਾਪਤ ਕੀਤੇ ਅਤੇ ਹੁਣ ਵਕਫ ਬੋਰਡ ਦੇ ਮਲਾਜਮਾਂ ਦੀ ਕਥਿਤ ਮਿਲੀ ਭੁਗਤ ਨਾਲ ਵਕਫ ਬੋਰਡ ਦੇ ਮੁਲਾਜਮ ਮੁਹੰਮਦ ਨਜੀਰ ਦੇ ਪੁਤਰ ਮੁਹੰਮਦ ਸਮਸ਼ਾਦ ਦਾ ਕਬਜਾ ਦੇ ਦਿੱਤਾ ਅਤੇ ਹੁਣ ਮਾਲੇਰਕੋਟਲਾ ਨਰਸਰੀ ਨਾਮ ਤੇ ਅਵੈਧ ਕਬਜਾ ਕੀਤਾ ਹੋਇਆ ਹੈ।

ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਉਂ ਨੇ ਕਿਹਾ ਹੈ ਕਿ ਸਰਕਾਰੀ ਮੁਲਾਜਮ ਦੇ ਪੁੱਤਰ ਵਲੋਂ ਅਜਿਹਾ ਕਬਜਾ ਬਿਲਕੁਲ ਮਿਲੀ-ਭੁਗਤ ਹੈ, ਜੇਕਰ ਵਕਫ ਬੋਰਡ ਦੇ ਉੱਚ-ਅਫਸਰ ਦੁੱਧ-ਧੋਤੇ ਹਨ ਤਾਂ ਉਹ ਫੌਰਨ ਸਥਾਨ ਖਾਲੀ ਕਰਵਾਉਣ। ਮਸਜਿਦ ਕਮੈਟੀ ਨੇ ਮੰਗ ਕੀਤੀ ਹੈ ਕਿ ਸਥਾਨ ਨੂੰ ਫੌਰਨ ਖਾਲੀ ਕਰਵਾਇਆ ਜਾਵੇ ਅਤੇ ਤਾਂ ਜੋ ਮਸਜਿਦ ਉਸਾਰੀ ਨਿਰਵਿਘਨ ਚਾਲੂ ਰੱਖੀ ਜਾ ਸਕੇ।

ਦੂਜੇ ਪਾਸੇ ਕਾਰੀ ਸਮਸ਼ੇਰ ਨੇ ਆਪਣਾ ਪੱਖ ਰੱਖਦੇ ਹੋਏ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰਿਆ ਅਤੇ ਖੁਦ ਮੰਨਿਆ ਕਿ ਉਹਨਾਂ ਨੇ ਵਕਫ ਬੋਰਡ ਕੋਲੋ ਜ਼ਮੀਨ ਕਿਰਾਏ ਤੇ ਲਈ ਸੀ ਅਤੇ ਹੁਣ ਉਹ ਉਕਤ ਜ਼ਮੀਨ ਤੇ ਲੋਕਾਂ ਦੇ ਸਹਿਯੋਗ ਨਾਲ ਮਸਜਿਦ ਬਣਾ ਰਹੇ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਵਕਫ ਬੋਰਡ ਕੋਲੋਂ ਆਗਿਆ ਲੈ ਕੇ ਹੀ ਇਹ ਮਸਜਿਦ ਬਣਾ ਰਹੇ ਹਾਂ।