ਬੇਰੁਜਗਾਰਾਂ ਨੇ ਕਿਸ ਨੂੰ ਕਿਹਾ ਬਹਿਰੂਪੀਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਰੁਜ਼ਗਾਰ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਹਿਰੂਪੀਆ ਤਿਆਰ ਕਰਕੇ ਲੀਲਾ ਭਵਨ ਚੌਕ ਤੋਂ ਲੈ ਕੇ ਵਾਈਪੀਐਸ ਚੌਕ (ਜੋ ਅੱਜਕੱਲ੍ਹ “ਬੇਰੁਜ਼ਗਾਰਾਂ ਲਈ ਡਾਂਗਾਂ ਵਾਲਾਂ ਚੌਂਕ” ਦੇ ਨਾਮ ਨਾਲ ਚਰਚਿਤ ਹੈ)ਤੱਕ ਮਾਰਚ ਕੀਤਾ ਗਿਆ।

ਜਿਸ ਦੌਰਾਨ ਬੇਰੋਜ਼ਗਾਰ ਅਧਿਆਪਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਕਿਵੇਂ ਪੁਲੀਸ ਵੱਲੋਂ ਤਸ਼ੱਦਦ ਢਾਹਿਆ ਜਾਂਦਾ ਹੈ ਉਸ ਨੂੰ ਨਾਟਕੀ ਰੂਪ ਨਾਲ ਪੇਸ਼ ਕੀਤਾ ਗਿਆ ਤੇ ਵਾਈਪੀਐਸ ਚੌਕ ਤੇ ਜਿਸ ਨੂੰ ਡਾਂਗਾਂ ਵਾਲਾ ਚੌਕ ਕਿਹਾ ਜਾਂਦਾ ਹੈ ਉਸ ਉੱਪਰ ਬੇਰੁਜ਼ਗਾਰ ਅਧਿਆਪਕਾਂ ਨੇ ਡਾਂਗਾਂ ਟੰਗੀਆਂ ਤੇ ਡਾਂਗਾਂ ਵਾਲਾ ਚੌਕ ਦੇ ਨਾਮ ਦੇ ਪੋਸਟਰ ਚਿਪਕਾਏ।

ਜਦੋਂ ਬੇਰੁਜ਼ਗਾਰ ਅਧਿਆਪਕ ਵੱਲੋਂ ਮਾਰਚ ਕੀਤਾ ਤਾਂ ਸ਼ਹਿਰ ਵਾਸੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹਿਰੂਪੀਆ ਨੂੰ ਵੇਖ ਕੇ ਖੁਸ਼ੀ ਪ੍ਰਗਟ ਕੀਤੀ ਗਈ । ਕਿਉਂਕਿ ਮੁੱਖ ਮੰਤਰੀ ਕੈਪਟਨ ਜੋ ਚੋਣਾਂ ਤੋਂ ਬਾਅਦ ਕਦੇ ਵੀ ਆਪਦੇ ਸ਼ਹਿਰ ਨਹੀਂ ਆਏ ਉਹ ਅੱਜ ਸ਼ਹਿਰ ਦੀਆਂ ਸੜਕਾਂ ਤੇ ਲੋਕਾਂ ਨੂੰ ਦਿਖੇ।

ਭਾਵੇਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਹਿਰੂਪੀਆ ਤਿਆਰ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗਾ ਦਿਖਾਉਣ ਦੀ ਕੋਸ਼ਿਸ਼ ਕੀਤੀ । ਪਰ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਬੇਸ਼ਰਮ ਨਹੀਂ ਵਿਖਾ ਪਾਏ। ਬੇਰੁਜ਼ਗਾਰ ਅਧਿਆਪਕ ਜਦੋਂ ਵਾਈ ਪੀ ਐਸ ਚੌਕ ਪਹੁੰਚੇ ਤਾਂ ਭਾਰੀ ਪੁਲੀਸ ਬਲ ਲਗਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਿਆ ਗਿਆ।

ਇਸ ਮੌਕੇ ਮੌਜੂਦ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੂਬਾ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਕੁਲਦੀਪ ਖੋਖਰ, ਨਿਰਮਲ ਜ਼ੀਰਾ, ਸੁਖਜੀਤ ਨਾਭਾ, ਬਲਵਿੰਦਰ ਨਾਭਾ, ਰਾਜਸੁਖਵਿੰਦਰ ਗੁਰਦਾਸਪੁਰ ਤੇ ਸੋਨੀਆ ਪਟਿਆਲਾ ਨੇ ਕਿਹਾ ਕਿ ਲਗਾਤਾਰ ਦੋ ਮਹੀਨਿਆਂ ਤੋਂ ਮੀਟਿੰਗਾਂ ਵਿਚ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਮੰਗਾਂ ਮੰਨਣ ਦਾ ਮਜ਼ਾਕ ਕੀਤਾ ਜਾ ਰਿਹਾ ਹੈ, ਤਾਂ ਕਿ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਮਕਾਇਆ ਜਾ ਸਕੇ।

ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਲਿਖਤੀ ਰੂਪ ਚ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਦੌਰਾਨ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ।