ਕਿਸਾਨ ਮੋਰਚੇ ਨੇ ਜਗਾ ਦਿੱਤੇ ਭਾਰਤੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨੀ ਮੋਰਚੇ ਨੇ ‘ਅਵਾਮ ਦੀ ਮੋਈ’ ਰੂਹ ਵਿੱਚ ਜਾਨ ਪਾ ਕੇ, ਆਪਣੇ ਹੱਕ ਲੈਣ ਦੇ ਲਈ ਸੰਘਰਸ਼ ਵਿੱਚ ਕੁੱਦਣ ਜੋਗਾ ਕਰ ਦਿੱਤਾ ਹੈ। ਮੋਰਚੇ ਨੇ, ਜਿੱਥੇ ਕਿਸਾਨੀ ਨੂੰ ਜਗਾਇਆ ਹੈ, ਉੱਥੇ ਹੀ ਬੇਰੁਜ਼ਗਾਰ ਨੌਜਵਾਨਾਂ, ਭੁੱਖਮਰੀ ਦੇ ਸ਼ਿਕਾਰ ਲੋਕਾਂ ਤੋਂ ਇਲਾਵਾ ਆਮ ਲੋਕਾਂ ਦੇ ਨਾਲ ਖੜ੍ਹ ਕੇ ਉਨ੍ਹਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕੀਤਾ ਹੈ ਤਾਂ, ਹੀ ਤਾਂ ਇਸ ਵੇਲੇ ਕਿਸਾਨੀ ਮੋਰਚਾ ਲੰਘੇ 7 ਮਹੀਨਿਆਂ ਤੋਂ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ।

ਦਿੱਲੀ ਕਿਸਾਨ ਮੋਰਚੇ ਦੀ ਲੜ੍ਹਾਈ ਇਕੱਲੇ ਖੇਤੀ ਕਾਨੂੰਨਾਂ ਖ਼ਿਲਾਫ਼ ਹੀ ਨਹੀਂ, ਬਲਕਿ ਕਿਰਤ ਕਾਨੂੰਨਾਂ ਨੂੰ ਰੱਦ ਕਰਵਾਉਣ, ਬਿਜਲੀ ਸੋਧ ਐਕਟ ਰੱਦ ਕਰਵਾਉਣ ਅਤੇ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਨੂੰ ਰੋਕਣ ਤੋਂ ਇਲਾਵਾ ਮੁਲਕ ਨੂੰ ਬਚਾਉਣ ਦੇ ਲਈ ਹੈ।

ਕਿਉਂਕਿ, ਆਜ਼ਾਦੀ ਦੇ 75 ਸਾਲਾਂ ਵਿੱਚ ਜੋ ਕੁੱਝ ਵੀ ਸਮੇਂ ਦੀਆਂ ਸਰਕਾਰਾਂ ਸਾਡੇ ‘ਤੇ ਜ਼ੁਲਮ ਕਰਦੀਆਂ ਆਈਆਂ, ਉਹਨੂੰ ਤਾਂ ਸਭ ਚੁੱਪ ਚੁਪੀਤੇ ਸਹਿਣ ਕਰਦੇ ਰਹੇ, ਪਰ ਹੁਣ ਸਬਰ ਨਹੀਂ ਹੋ ਰਿਹਾ, ਇਸੇ ਲਈ ਹੀ ਆਪਣੇ ਹੱਕ ਲੈਣ ਵਾਸਤੇ ਕਿਸਾਨ, ਮਜ਼ਦੂਰ, ਕਿਰਤੀ, ਨੌਜਵਾਨ, ਬਜ਼ੁਰਗ, ਬੱਚੇ ਅਤੇ ਬੀਬੀਆਂ ਸੜਕਾਂ ‘ਤੇ ਉੱਤਰੀਆਂ ਹਨ।

ਖ਼ੈਰ, ਸਾਡਾ ਮੁਲਕ 15 ਅਗਸਤ 1947 ਨੂੰ ਆਜ਼ਾਦ ਹੋਇਆ। ਆਜ਼ਾਦ ਮੁਲਕ ਹੋਣ ਤੋਂ ਬਾਅਦ ਭਾਰਤੀਆਂ ਨੂੰ ਉਮੀਦ ਸੀ ਕਿ ਜਿਹੜੀ ਲੁੱਟ ਸਾਡੀ ਗੋਰਿਆਂ ਵੇਲੇ ਹੁੰਦੀ ਰਹੀ ਹੈ, ਉਹ ਹੁਣ ਅੱਗੇ ਨਹੀਂ ਹੋਵੇਗੀ। ਪਰ, ਕਿਸੇ ਵੀ ਭਾਰਤੀ ਨੂੰ ਇਹ ਨਹੀਂ ਸੀ ਪਤਾ ਕਿ, ਗੋਰਿਆਂ ਵਾਂਗ ਹੀ ਆਗਾਮੀ ਸਮੇਂ ਵਿੱਚ ਵੀ ਸਾਡੇ ਮੁਲਕ ਦੀ ਸੱਤਾ ‘ਤੇ ਕਾਬਜ਼ ਹੋਣ ਵਾਲੀਆਂ ਸਰਕਾਰਾਂ ਲੁੱਟ ਕਰਦੀਆਂ ਹੀ ਰਹਿਣਗੀਆਂ।

1947 ਤੋਂ ਲੈ ਕੇ ਹੁਣ ਤੱਕ ਸਾਡੇ ਮੁਲਕ ਦੇ ਲੋਕਾਂ ਨੇ ਅਨੇਕਾਂ ਮੁਸੀਬਤਾਂ ਝੱਲੀਆਂ ਹਨ ਅਤੇ ਹੁਣ ਵੀ ਝੱਲ ਰਹੇ ਹਨ।