ਆਖ਼ਰ ਕਦੋਂ ਖੁੱਲ੍ਹਣਗੇ ਸਕੂਲਾਂ ਦੇ ਤਾਲੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਜਦੋਂ ਤਾਲਾਬੰਦੀ ਕੀਤੀ ਗਈ ਤਾਂ ਵੱਖ-ਵੱਖ ਸੂਬਿਆਂ ’ਚ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਸਨ। ਬੱਚੇ ਇੰਤਜ਼ਾਰ ਕਰਦੇ ਰਹੇ ਕਿ ਕਦੋਂ ਇਹ ਲਾਕਡਾਊਨ ਖੁੱਲ੍ਹੇਗਾ ਤੇ ਉਹ ਪ੍ਰੀਖਿਆ ’ਚ ਬੈਠਣਗੇ। ਇਸ ਸਮੇਂ ਦੌਰਾਨ ਵੀ ਅਧਿਆਪਕ ਘਰ ਬੈਠੇ ਹੀ ਬੱਚਿਆਂ ਨਾਲ ਆਨਲਾਈਨ ਜੁੜੇ ਰਹੇ ਅਤੇ ਅਧਿਆਪਕ ਉਨ੍ਹਾਂ ਨੂੰ ਜ਼ੂਮ ਐਪ ਰਾਹੀਂ ਪੜ੍ਹਾਉਂਦੇ ਰਹੇ।

ਇਸ ਦੇ ਨਾਲ-ਨਾਲ ਅਧਿਆਪਕਾਂ ਨੇ ਗੂਗਲ ਫਾਰਮ, ਪੀਪੀਟੀ, ਪੀਡੀਐੱਫ ਅਤੇ ਵੱਖ-ਵੱਖ ਤਕਨੀਕਾਂ ਨਾਲ ਲੋੜੀਂਦੀ ਸਮੱਗਰੀ ਬੱਚਿਆਂ ਤਕ ਪਹੁੰਚਾਈ, ਜੋ ਸ਼ਲਾਘਾਯੋਗ ਉਪਰਾਲਾ ਹੈ। ਲੰਮੇ ਸਮੇਂ ਤੋਂ ਸਕੂਲ ਬੰਦ ਹੋਣ ਕਰਕੇ ਬੱਚੇ ਘਰਾਂ ’ਚ ਕੈਦ ਹੋ ਕੇ ਰਹਿ ਗਏ ਹਨ। ਸਕੂਲੋਂ ਦੂਰ ਬੈਠੇ ਬੱਚਿਆਂ ਦੇ ਸਬਰ ਦੇ ਬੰਨ੍ਹ ਹੁਣ ਟੁੱਟਣ ਕਿਨਾਰੇ ਹਨ।

ਸਭਨਾਂ ਦਾ ਚਿੱਤ ਸਕੂਲ ਜਾਣ ਨੂੰ ਕਾਹਲਾ ਹੈ। ਘਰਾਂ ’ਚ ਰਹਿ ਕੇ ਉਹ ਕਲਾਸ ਦੇ ਕਮਰਿਆਂ ਨੂੰ ਬਹੁਤ ਚੇਤੇ ਕਰ ਰਹੇ ਹਨ ਕਿਉਂਕਿ ਆਨਲਾਈਨ ਪੜ੍ਹਾਈ ਕਲਾਸਾਂ ਦਾ ਬਦਲ ਨਹੀਂ ਹੈ। ਇਸ ਸਮੇਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਭਾਵ ਘੱਟ ਹੋਣ ਸ਼ੁਰੂ ਹੋਇਆ ਹੈ।

ਕਾਲਜ ਤਾਂ ਭਾਵੇਂ ਖੁੱਲ੍ਹ ਗਏ ਹਨ, ਇਸ ਦੇ ਨਾਲ ਹੀ ਮਾਂ-ਬਾਪ ਤੇ ਬੱਚਿਆਂ ਦੇ ਮਨ ’ਚ ਵੀ ਇਹ ਉਮੀਦ ਪੈਦਾ ਹੋ ਗਈ ਹੈ ਕਿ ਜਲਦੀ ਹੀ ਸਕੂਲ ਵੀ ਖੁੱਲ੍ਹ ਜਾਣਗੇ। ਸਕੂਲ-ਕਾਲਜ ਖੁੱਲ੍ਹਣ ਤੋਂ ਬਾਅਦ ਸਾਰਿਆਂ ਨੂੰ ਹੋਰ ਵੀ ਚੇਤੰਨ ਰਹਿਣ ਦੀ ਜ਼ਰੂਰਤ ਹੈ।

ਬੱਚਿਆਂ ਨੂੰ ਹੁਣ ਤੋਂ ਹੀ ਆਉਣ ਵਾਲੇ ਸਮੇਂ ਲਈ ਤਿਆਰ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਸਕੂਲ ਖੁੱਲ੍ਹਣ ਮਗਰੋਂ ਉਨ੍ਹਾਂ ਦੇ ਵਿਹਾਰ ’ਚ ਕੀ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਪਿਆਰੇ ਬੱਚਿਓ! ਹੁਣ ਜਦੋਂ ਵੀ ਤੁਹਾਡੇ ਸਕੂਲ ਖੁੱਲ੍ਹਣਗੇ ਤਾਂ ਤੁਹਾਨੂੰ ਕੁਝ ਗੱਲਾਂ ਯਾਦ ਰੱਖਣ ਦੇ ਨਾਲ-ਨਾਲ ਕੁਝ ਜ਼ਿੰਮੇਵਾਰੀਆਂ ਨਿਭਾਉਣ ਲਈ ਵੀ ਤਿਆਰ-ਬਰ ਤਿਆਰ ਰਹਿਣਾ ਪਵੇਗਾ।