ਕੈਪਟਨ ਕੌਣ, ਭੁੱਲ ਗਿਆ ਸਿੱਧੂ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਪਿਛਲੇ ਦਿਨੀਂ ਹਾਈਕਮਾਨ ਦੇ ਵੱਲੋਂ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਸਿੱਧੂ ਨੂੰ ਮਿਲੀ ਪ੍ਰਧਾਨਗੀ ਤੋਂ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਖਾ ਹੋਇਆ ਪਿਆ ਹੈ, ਉਥੇ ਹੀ ਦੂਜੇ ਪਾਸੇ ਕੈਪਟਨ ਹਾਲੇ ਸਿੱਧੂ ਤੋਂ ਨਰਾਜ ਚੱਲ ਰਹੇ ਹਨ। ਸਿੱਧੂ ਨੂੰ ਪ੍ਰਧਾਨ ਬਣਨ ਦੀਆਂ ਵਧਾਈਆਂ ਹੁਣ ਤੱਕ ਵੀ ਕੈਪਟਨ ਨੇ ਨਹੀਂ ਦਿੱਤੀਆਂ, ਜਿਸ ਦੇ ਕਾਰਨ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਰਿਹਾ ਹੈ। ਇਸੇ ਦੇ ਨਾਲ ਹੀ ਸਿੱਧੂ ਵੀ ਇਹ ਗੱਲ ਭੁੱਲ ਗਏ ਹਨ ਕਿ ਅਮਰਿੰਦਰ ਹੀ ਪੰਜਾਬ ਦੇ ਕੈਪਟਨ ਹਨ ਅਤੇ ਸਿੱਧੂ ਹੁਣ ਆਪਣੇ ਟਵੀਟ ਵਿੱਚ ਕੈਪਟਨ ਨੂੰ ਲਪੇਟਣਾ ਬੰਦ ਕਰ ਗਏ ਹਨ। 

ਦੱਸਣਾ ਬਣਦਾ ਹੈ ਕਿ, ਲੰਘੇ ਕੱਲ ਸਿੱਧੂ ਦੁਆਰਾ ਕੀਤੇ ਗਏ ਟਵੀਟ ਵਿੱਚ ਕਿਧਰੇ ਵੀ ਕੈਪਟਨ ਦਾ ਨਾਂਅ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ,  ਖੁਸ਼ਹਾਲੀ, ਸਹੂਲਤਾਂ ਅਤੇ ਖੁਦਮੁਖ਼ਤਿਆਰੀ ਕੁੱਝ ਕੁ ਲੋਕਾਂ ਵਾਸਤੇ ਹੀ ਨਹੀਂ ਸਗੋਂ ਸਾਰਿਆਂ ਵਿਚ ਵੰਡਣ ਲਈ ਕਾਂਗਰਸ ਵਰਕਰ ਵੱਜੋਂ ਮੇਰੇ ਪਿਤਾ ਨੇ ਰੱਜਿਆ-ਪੁੱਜਿਆ ਘਰ ਛੱਡਕੇ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਲਿਆ।

ਉਨ੍ਹਾਂ ਨੂੰ ਦੇਸ਼ਭਗਤੀ ਦੇ ਕਾਰਜਾਂ ਬਦਲੇ ਸਜ਼ਾ-ਏ-ਮੌਤ ਸੁਣਾਈ ਗਈ, ਜੋ ਕਿ ਕਿੰਗਜ਼ ਐਮਨਸਟੀ (King’s Amnesty) ; ਰਾਣੀ ਦੇ ਜਨਮ-ਦਿਨ ਮੌਕੇ ਪਰਚੀਆਂ ਪਾ ਕੇ ਰੱਦ ਹੋਈ। ਫਿਰ ਉਹ ਦਹਾਕਿਆਂ ਤੱਕ ਜਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਰਹੇ, ਮੈਂਬਰ ਵਿਧਾਨ ਸਭਾ, ਮੈਂਬਰ ਵਿਧਾਨ ਪਰਿਸ਼ਦ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਬਣੇ।

ਅੱਜ, ਮੇਰਾ ਮਿਸ਼ਨ ਉਸੇ ਸੁਪਨੇ ਨੂੰ ਪੂਰਾ ਕਰਨਾ ਅਤੇ ਕੁੱਲ ਹਿੰਦ ਕਾਂਗਰਸ ਦੇ ਇਸ ਅਜੇਤੂ ਕਿਲ੍ਹੇ ਨੂੰ ਹੋਰ ਮਜ਼ਬੂਤ ਕਰਨ ਲਈ ਅਣਥੱਕ ਕੰਮ ਕਰਨਾ ਹੈ। ਬਹੁਤ ਹੀ ਸਤਿਕਾਰਯੋਗ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੀ, ਸ੍ਰੀ ਰਾਹੁਲ ਗਾਂਧੀ ਜੀ ਅਤੇ ਸ੍ਰੀਮਤੀ ਪ੍ਰਿਯੰਕਾ ਗਾਂਧੀ ਜੀ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਗੁਜਾਰ ਹਾਂ ਕਿ ਉਨ੍ਹਾਂ ਨੇ ਮੇਰੇ ਉੱਪਰ ਭਰੋਸਾ ਕਰਦਿਆਂ ਮੈਨੂੰ ਇਹ ਬੇਹੱਦ ਮਹੱਤਵਪੂਰਨ ਜ਼ੁੰਮੇਵਾਰੀ ਸੌਂਪੀ।

ਕਾਂਗਰਸ ਦਾ ਨਿਮਾਣਾ ਵਰਕਰ ਹੁੰਦਿਆਂ ਮੈਂ ਮਿਸ਼ਨ ‘ਜਿੱਤੇਗਾ ਪੰਜਾਬ’ ਪੂਰਾ ਕਰਨ ਲਈ ‘ਪੰਜਾਬ ਮਾਡਲ’ ਅਤੇ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਰਾਹੀਂ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਾਉਣ ਖ਼ਾਤਰ ਪੰਜਾਬ ਵਿੱਚ ਕਾਂਗਰਸ ਪਰਿਵਾਰ ਦੇ ਹਰ ਮੈਂਬਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ। … ਮੇਰਾ ਸਫ਼ਰ ਅਜੇ ਸ਼ੁਰੂ ਹੀ ਹੋਇਆ ਹੈ !!