ਬੇਰੁਜ਼ਗਾਰਾਂ ਲਈ ਡਾਂਗਾਂ ਵਾਲਾ ਚੌਂਕ ਅਮਰਿੰਦਰ ਦੇ ਸ਼ਹਿਰ 'ਚ! (ਨਿਊਜ਼ਨੰਬਰ ਖ਼ਾਸ ਖ਼ਬਰ)

ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਗੂਗਲ ਦੀ ਲਾਲ ਲਕੀਰ ਦੇ ਵਿੱਚ ਬੇਰੁਜ਼ਗਾਰਾਂ ਲਈ ਡਾਂਗਾਂ ਵਾਲਾ ਚੌਂਕ ਸਥਾਪਤ ਹੋ ਗਿਆ ਹੈ। ਇਸ ਚੌਂਕ ਦਾ ਪਹਿਲੋਂ ਨਾਂਅ ਵਾਈਪੀਐਸ ਚੌਂਕ ਸੀ, ਪਰ ਜਦੋਂ ਤੋਂ ਬੇਰੁਜ਼ਗਾਰਾਂ ਨੂੰ ਡਾਂਗਾਂ ਫਿਰਨੀਆਂ ਸ਼ੁਰੂ ਹੋਈਆਂ ਹਨ ਤਾਂ, ਉਦੋਂ ਤੋਂ ਇਸ ਚੌਂਕ ਦਾ ਨਾਂਅ ਬੇਰੁਜ਼ਗਾਰਾਂ ਲਈ ਡਾਂਗਾਂ ਵਾਲਾ ਚੌਂਕ ਰੱਖ ਦਿੱਤਾ ਗਿਆ ਹੈ। 

ਦਰਅਸਲ, ਪਿਛਲੇ ਲੰਬੇ ਸਮੇਂ ਤੋਂ ਰੁਜ਼ਾਗਰ ਦੀ ਫਰਿਆਦ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਜਾਂਦੇ ਬੇਰੁਜ਼ਗਾਰਾਂ ਨੂੰ ਪਟਿਆਲਾ ਪੁਲਿਸ ਵੱਲੋਂ ਅਕਸਰ ਵਾਈਪੀਐਸ ਚੌਂਕ ਉਤੇ ਪਹਿਲਾਂ ਘੇਰਿਆ ਜਾਂਦਾ ਹੈ ਤੇ ਫਿਰ ਵਾਪਿਸ ਮੋੜਨ ਲਈ ਦਬਕੇ ਮਾਰੇ ਜਾਂਦੇ ਹਨ ਤੇ ਫਿਰ ਪੁਰਾਣਾ ਲਾਠੀ-ਚਾਰਜ ਦਾ ਨੁਸ਼ਖਾ ਵਰਤਿਆ ਜਾਂਦਾ ਹੈ।

ਜਦੋਂ ਵੀ ਬੇਰੁਜ਼ਾਗਰ ਆਪਣੀ ਮੰਗ ਨੂੰ ਲੈ ਕੇ ਮੋਤੀ ਮਹਿਲ ਵੱਲ ਵਧੇ, ਮੋਤੀਆਂ ਵਾਲੀ ਸਰਕਾਰ ਨੇ ਫਰਿਆਦ ਤਾਂ ਅੱਜ ਤੱਕ ਕਦੇ ਨਹੀਂ ਸੁਣੀ ਪਰ ਪੁਲਿਸ ਨੇ ਪੇਟ ਦੀ ਭੁੱਖ ਬੁਝਾਉਣ ਗਏ ਬੇਰੁਜ਼ਗਾਰਾਂ ਨੂੰ ਅੱਗੇ ਵੱਧਣ ਤੋਂ ਰੋਕਦਿਆਂ ਹਰ ਵਾਰ ਲਾਠੀਚਾਰਜ ਹੀ ਕੀਤਾ ਹੈ। ਹੁਣ ਇਸ ਚੌਂਕ ਨੂੰ ਪੰਜਾਬ ਸਰਕਾਰ ਦੀ ਬਦਨਾਮੀ ਦਾ ਚਿੰਨ੍ਹ ਕਹੋ ਜਾਂ ਪੰਜਾਬ ਪੁਲਿਸ ਲਈ ਬਦਨੁਮਾ ਦਾਗ, ਪਰ ਗੂਗਲ ਨੇ ਆਪਣੇ ਮਾਰ ‘ਚ ਇਸ ਚੌਂਕ ਦਾ ਨਾਂ ਗੂਗਲਮੈਪ ਵਿੱਚ ‘ਬੇਰੁਜ਼ਗਾਰਾਂ ਲਈ ਡਾਂਗਾਂ ਵਾਲਾ ਚੌਂਕ’ ਨਾਮ ਦੇ ਦਿੱਤਾ ਹੈ।

ਗੂਗਲ ਮੈਪ ਵਿੱਚ ਆਏ ਇਸ ਨਾਮ ਨਾਲ ਪ੍ਰਸ਼ਾਸਨ ਦੀ ਹੋਈ ਕਿਰਕਿਰੀ ਤੋਂ ਬਾਅਦ ਇਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਬੇਰੁਜ਼ਗਾਰ ਨੇ ਗੂਗਲ ਮੈਪ ਨਾਲ ਛੇੜਛਾੜ ਕਰਕੇ ਇਸ ਦਾ ਨਾਮ ਬਦਲ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਮੁਲਾਜ਼ਮ ਜਥੇਬੰਦੀਆਂ, ਬੇਰੁਜ਼ਗਾਰ ਅਧਿਆਪਕਾਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਤੀ ਮਹਿਲ ਵੱਲ ਮਾਰਚ ਕੀਤਾ ਜਾਂਦਾ ਹੈ। ਪੁਲਿਸ ਵੱਲੋਂ ਸੰਘਰਸ਼ਕਾਰੀਆਂ ਨੂੰ ਵਾਈਪੀਐਸ ਚੌਂਕ ਉਤੇ ਬੈਰੀਕੇਡ ਲਗਾਕੇ ਰੋਕਿਆ ਜਾਂਦਾ ਹੈ। ਪੁਲਿਸ ਵੱਲੋਂ ਦਰਜਨਾਂ ਵਾਰ ਇਥੇ ਲੋਕਾਂ ਉਤੇ ਲਾਠੀਚਾਰਜ ਕੀਤਾ, ਖਾਸ਼ਕਰ ਜਦੋਂ ਬੇਰੁਜ਼ਗਾਰ ਅਧਿਆਪਕ ਜਾਂਦੇ ਹਨ ਤਾਂ ਉਨ੍ਹਾਂ ਉਪਰ ਅਕਸਰ ਲਾਠੀਚਾਰਜ ਕੀਤਾ ਗਿਆ।