ਜ਼ਮੀਨਾਂ ਹੜੱਪਣ ਲਈ ਕੀਤਾ ਸੀ ਝੂਠਾ ਕਰਜ਼ ਮੁਆਫ਼ੀ ਦਾ ਵਾਅਦਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਸੱਤਾ ਵਿੱਚ ਆਉਣ ਤੋਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆ ਜਾਂਦੀ ਹੈ ਤਾਂ, ਸਭ ਤੋਂ ਪਹਿਲਾਂ ਕਿਸਾਨਾ ਦਾ ਕਰਜ਼ ਮੁਆਫ਼ ਕੀਤਾ ਜਾਵੇਗਾ। ਵੇਖਿਆ ਜਾਵੇ ਤਾਂ ਸੱਤਾ ਵਿੱਚ ਕੈਪਟਨ ਹਕੂਮਤ ਆਇਆ ਨੂੰ, ਕਰੀਬ ਸਾਢੇ ਚਾਰ ਸਾਲ ਤੋਂ ਜਿਆਦਾ ਸਮਾਂ ਹੋ ਚੁੱਕਿਆ ਹੈ, ਪਰ ਹੁਣ ਤੱਕ ਇਹ ਸਰਕਾਰ ਕਿਸਾਨਾਂ ਦਾ ਕਰਜ਼ ਮੁਆਫ਼ ਨਹੀਂ ਕਰ ਸਕੀ, ਜਿਸ ਦੇ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਇਸ ਸਰਕਾਰ ਦੇ ਖਿਲਾਫ਼ ਵੇਖਣ ਨੂੰ ਮਿਲ ਰਿਹਾ ਹੈ। 

ਦੱਸਣਾ ਬਣਦਾ ਹੈ ਕਿ, ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਕਰਜ਼ ਤਾਂ ਕੀ ਖਤਮ ਕਰਨੇ ਸਨ ਸਗੋ, ਫਿਰ ਤੋਂ ਕਿਸਾਨਾਂ ਦੀਆਂ ਜਮੀਨਾਂ ਖੋਹਣੀ ਸ਼ੁਰੂ ਕਰ ਦਿੱਤੀ ਹਨ। ਤਾਜਾ ਮਾਮਲਾ ਪਿੰਡ ਸ਼ਰੀਹ ਵਾਲਾ ਬਰਾੜ ਦਾ ਹੈ, ਜਿਥੇ ਇਕ ਗਰੀਬ ਕਿਸਾਨ ਸੁਖਮੰਦਰ ਸਿੰਘ ਦੀ 2 ਲੱਖ ਰੂਪੈ ਵਿੱਚ ਪੰਜਾਬ ਸਰਕਾਰ ਦੇ ਅਧੀਨ ਆਉਦੀ ਪੰਜਾਬ ਲੈਡ ਮਾਰਗੇਜ ਬੈਂਕ ਵੱਲੋਂ ਕੁਰਕ ਕਰਨ ਦਾ ਨੋਟਿਸ ਲਗਾਇਆ ਗਿਆ ਸੀ

ਜਿਸਦਾ ਪਤਾ ਚੱਲਦਿਆਂ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਵੱਡੀ ਟੀਮ ਪਿੰਡ ਸ਼ਰੀਹ ਵਾਲਾ ਬਰਾੜ ਵਿਖੇ ਪਹੁੰਚ ਗਈ। ਨਿਊਜ਼ਨੰਬਰ ਨਾਲ ਲੰਘੀ ਸ਼ਾਮ ਗੱਲਬਾਤ ਕਰਦਿਆਂ ਹੋਇਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਆਗੂ ਗੁਰਭੇਜ ਸਿੰਘ ਲੋਹੜਾ ਨਵਾਬ ਨੇ ਦੱਸਿਆ ਕਿ ਪੀ ਏ ਡੀ ਬੀ ਬੈਂਕ ਗੁਰੂਹਰਸਹਾਏ ਵੱਲੋਂ ਅੱਜ ਇਥੇ ਕਿਸਾਨ ਦੀ ਜਮੀਨ ਕੁਰਕ ਕਰਨ ਲਈ ਆਉਣਾ ਸੀ ਪਰ ਜਦੋ ਉਨ੍ਹਾਂ ਨੂੰ ਪਤਾ ਲੱਗਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਹਿਲਾਂ ਤੋਂ ਹੀ ਪਹੁੰਚ ਚੁੱਕੀ ਹੈ ਤਾਂ ਕੋਈ ਵੀ ਬੈਂਕ ਜਾਂ ਪ੍ਰਸ਼ਾਸਨਿਕ ਅਧਿਕਾਰੀ ਨਹੀ ਪਹੁੰਚਿਆ।

ਉਨ੍ਹਾਂ ਦੱਸਿਆ ਕਿ ਇੱਕਤਰ ਹੋਏ ਕਿਸਾਨਾਂ ਨੇ ਬੈਂਕ ਅਤੇ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕਰਦੇ ਹੋਏ ਕਿਹਾ ਕਿ ਕਰਜੇ ਕਾਰਨ ਕਿਸੇ ਵੀ ਕਿਸਾਨ ਦੀ ਜਮੀਨ ਕੁਰਕ ਨਹੀ ਹੋਣ ਦਿਆਂਗੇ ਅਤੇ ਜੇਕਰ ਬੈੰਕ ਅਧਿਕਾਰੀ ਅਜਿਹੀਆਂ ਹਰਕਤਾਂ ਤੋਂ ਬਾਜ ਨਾ ਆਏ ਤਾਂ ਬੈਂਕ ਨੂੰ, ਜਿੰਦਰਾ ਮਾਰ ਕੇ ਉਸਦਾ ਘਿਰਾਓ ਕਰਾਂਗੇ।