ਭਾਰਤ ਹੀ ਨਹੀਂ, ਪਾਕਿਸਤਾਨ 'ਚ ਵੀ ਪਾਣੀ ਦਾ ਸੰਕਟ! (ਨਿਊਜ਼ਨੰਬਰ ਖ਼ਾਸ ਖ਼ਬਰ)

ਚੜ੍ਹਦੇ ਪੰਜਾਬ ਵਿੱਚ ਤਾਂ ਕੀ, ਲਹਿੰਦੇ ਪੰਜਾਬ ਪਾਕਿਸਤਾਨ ਵਿੱਚ ਵੀ ਪਾਣੀ ਸੰਕਟ ਪੈਦਾ ਹੋ ਗਿਆ ਹੈ। ਲਹਿੰਦੇ ਪੰਜਾਬ ਪਾਕਿਸਤਾਨ ਤੋਂ ਜਿਹੜੀਆਂ ਖ਼ਬਰਾਂ ਰੋਜ਼ ਪਾਣੀ ਸੰਕਟ ਦੇ ਨਾਲ ਜੁੜੀਆਂ ਸਾਹਮਣੇ ਆ ਰਹੀਆਂ ਹਨ, ਉਹ ਮਨ ਨੂੰ ਬੇਹੱਦ ਦੁੱਖ ਪਹੁੰਚਾ ਰਹੀਆਂ ਹਨ।

ਲਹਿੰਦੇ ਪੰਜਾਬ ਵਿੱਚ ਬੈਠੇ ਪੰਜਾਬੀ ਭੈਣਾਂ, ਭਰਾ, ਬੱਚੇ ਬੱਚੀਆਂ, ਬਜ਼ੁਰਗ ਬੀਬੀਆਂ ਅਤੇ ਬਾਬੇ ਇਸ ਵੇਲੇ ਕਈ ਕਈ ਮੀਲ ਦੂਰ ਪਾਣੀ ਲੈਣ ਵਾਸਤੇ ਜਾ ਰਹੇ ਹਨ। ਰਾਵਲ ਪਿੰਡੀ ਤੋਂ ਪਿਛਲੇ ਦਿਨੀਂ ਇੱਕ ਖ਼ਬਰ ਸਾਹਮਣੇ ਆਈ ਸੀ, ਜਿੱਥੋਂ ਦੇ ਕਈ ਪਿੰਡ ਤ੍ਰਿਆਏ ਮਰ ਰਹੇ ਹਨ ਅਤੇ ਉਨ੍ਹਾਂ ਨੂੰ ਟੈਂਕਰਾਂ ਰਾਹੀਂ ਪਾਣੀ ਬਾਹਰੋਂ ਮਗਵਾਉਣਾ ਪੈ ਰਿਹਾ ਹੈ।

ਕਈ ਗ਼ਰੀਬ ਜਿਹੜੇ ਮਹਿੰਗਾ ਬੋਤਲ ਵਾਲਾ ਪਾਣੀ ਨਹੀਂ ਮਗਵਾ ਸਕਦੇ ਜਾਂ ਫਿਰ ਉਨ੍ਹਾਂ ਕੋਲੋਂ ਟੈਂਕਰ ਵਾਲੇ ਨੂੰ ਦੇਣ ਲਈ 20-25 ਰੁਪਏ ਵੀ ਨਹੀਂ, ਉਹ ਦੂਜੇ ਪਿੰਡਾਂ ਵਿੱਚੋਂ ਪਾਣੀ ਲੈਣ ਵਾਸਤੇ ਜਾ ਰਹੇ ਹਨ। ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖ਼ਸਤਾ ਅਤੇ ਮਾੜੀ ਹੋਣ ਦੇ ਕਾਰਨ, ਲੋਕਾਂ ਦੇ ਬੈਲ ਗੱਡੇ ਵੀ ਸੜਕਾਂ ਤੇ ਨਹੀਂ ਚੱਲ ਰਹੇ, ਜਿਸ ਕਾਰਨ ਲੋਕ ਪੈਦਲ ਹੀ ਕਈ ਕਈ ਮੀਲ ਪਾਣੀ ਲੈਣ ਲਈ ਜਾ ਰਹੇ ਹਨ।

ਖ਼ਬਰ ਬਲੋਚਿਸਤਾਨ ਤੋਂ ਸਾਹਮਣੇ ਆਈ। ਪਾਕਿਸਤਾਨ ਦੇ ਇੱਕ ਟੀਵੀ ਚੈਨਲ ਜਿਓ ਨਿਊਜ਼ ਦੀ ਐਤਵਾਰ ਦੀ ਰਿਪੋਰਟ ਅਨੁਸਾਰ ਬਲੋਚਿਸਤਾਨ ‘ਚ ਪੀਣ ਦੇ ਸਾਫ਼ੀ ਪਾਣੀ ਦੀ ਘਾਟ ਦੇ ਨਾਲ-ਨਾਲ ਵਾਟਰ-ਫਿਲਟਰੇਸ਼ਨ ਪਲਾਂਟ ‘ਚ ਭਾਰੀ ਕਮੀ ਕਾਰਨ ਹੈਪੇਟਾਈਟਿਸ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ।

ਰਿਪੋਰਟ ਅਨੁਸਾਰ ਸਵੱਛ ਪਾਣੀ ਦੀ ਭਾਰੀ ਘਾਟ ਕਾਰਨ ਲੋਕ ਤਾਲਾਬਾਂ ਅਤੇ ਝੀਲਾਂ ਦੇ ਦੂਸ਼ਿਤ ਪਾਣੀ ਦਾ ਇਸਤੇਮਾਲ ਕਰਨ ਨੂੰ ਮਜ਼ਬੂਰ ਹਨ। ਹਸਪਤਾਲ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਪੂਰੇ ਪ੍ਰਾਂਤ ‘ਚ 10 ਹਜ਼ਾਰ ਰੋਗੀਆਂ ‘ਚ ਹੈਪੇਟਾਈਟਿਸ ਸੀ ਅਤੇ ਬੀ ਦੀ ਪੁਸ਼ਟੀ ਕੀਤੀ ਗਈ ਸੀ। ਇਕੱਲੇ ਜਾਫਰਾਬਾਦ ਜ਼ਿਲ੍ਹੇ ‘ਚ 3 ਹਜ਼ਾਰ ਮਰੀਜ਼ ਸਾਹਮਣੇ ਆਏ ਸਨ।