ਡੈਲਟਾ ਵੈਰੀਐਂਟ ਨੇ ਅਮਰੀਕਾ ਦੀ ਵਧਾਈ ਚਿੰਤਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਡੈਲਟਾ ਵੈਰੀਐਂਟ ਨੇ ਅਮਰੀਕਾ ਦੀ ਚਿੰਤਾ ਵਧਾ ਦਿੱਤੀ ਹੈ। ਉੱਥੇ ਜੂਨ ਵਿਚ ਮਾਮਲੇ ਘੱਟ ਕੇ 10 ਹਜ਼ਾਰ ਰਹਿ ਗਏ ਸਨ, ਪਰ ਹੁਣ ਵਧ ਕੇ ਰੋਜ਼ਾਨਾ 27 ਹਜ਼ਾਰ ਹੋ ਗਏ ਹਨ । ਇਹ ਉਹੀ ਡੈਲਟਾ ਵੈਰੀਐਂਟ ਹੈ, ਜਿਸ ਨੂੰ ਭਾਰਤ ਵਿਚ ਦੂਜੀ ਲਹਿਰ ‘ਚ ਤਬਾਹੀ ਲਈ ਜ਼ਿੰਮੇਵਾਰ ਮੰਨਿਆ ਗਿਆ।

ਭਾਰਤ ‘ਚ ਦੂਜੀ ਲਹਿਰ ਦੇ ਸਿਖਰ ਵੇਲੇ ਰੋਜ਼ਾਨਾ ਚਾਰ ਲੱਖ ਤੋਂ ਵੱਧ ਮਾਮਲੇ ਆਉਣ ਲੱਗ ਪਏ ਸਨ। ਛੇ ਮਈ ਨੂੰ 4 ਲੱਖ 14 ਹਜ਼ਾਰ ਮਾਮਲੇ ਦਰਜ ਹੋਏ ਸਨ । ਉਦੋਂ ਹਸਪਤਾਲਾਂ ਵਿਚ ਬੈੱਡਾਂ, ਦਵਾਈਆਂ ਤੇ ਆਕਸੀਜਨ ਦੀ ਭਾਰੀ ਕਿੱਲਤ ਹੋ ਗਈ ਸੀ।

ਹਸਪਤਾਲਾਂ ਦੇ ਬਾਹਰ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ, ਜਦਕਿ ਸ਼ਮਸ਼ਾਨਾਂ ਵਿਚ ਅੰਤਿਮ ਸੰਸਕਾਰ ਲਈ ਘੰਟਿਆਂ-ਬੱਧੀ ਵਾਰੀ ਨਹੀਂ ਸੀ ਆ ਰਹੀ । ਭਾਰਤ ਵਿਚ ਹੁਣ ਕਾਫ਼ੀ ਕੁੱਝ ਖੁੱਲ ਗਿਆ ਹੈ । ਸਕੂਲ-ਕਾਲਜ ਵੀ ਖੋਲ੍ਹਣਾ ਦੀਆਂ ਤਰੀਕਾਂ ਐਲਾਨੀਆਂ ਜਾ ਰਹੀਆਂ ਹਨ।

ਰੁਜ਼ਗਾਰ ਲਈ ਸਨਅਤਾਂ ਤੇ ਟਰਾਂਸਪੋਰਟ ਨੂੰ ਖੋਲ੍ਹਣਾ ਹੀ ਪੈਣਾ ਸੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਰੋਕਣ ਲਈ ਵਿੱਦਿਅਕ ਅਦਾਰੇ ਵੀ ਖੋਲ੍ਹਣੇ ਪੈਣੇ ਹਨ, ਪਰ ਇਹ ਗੱਲ ਵੀ ਦਿਮਾਗ਼ ਵਿਚ ਰੱਖਣੀ ਪੈਣੀ ਹੈ ਕਿ ਕੋਰੋਨਾ ਦੀ ਦਵਾਈ ਅਜੇ ਤੱਕ ਤਿਆਰ ਨਹੀਂ ਹੋਈ।

ਅਜੇ ਵੀ ਮਾਸਕ ਤੇ ਜਿਸਮਾਨੀ ਦੂਰੀ ਬਣਾ ਕੇ ਰੱਖਣ ਦੇ ਨੁਸਖ਼ਿਆਂ ਨਾਲ ਹੀ ਬਚਾਅ ਕੀਤਾ ਜਾ ਸਕਦਾ ਹੈ। ਟੀਕਾਕਰਨ ਵੀ ਅਜੇ ਰਫਤਾਰ ਨਹੀਂ ਫੜ ਰਿਹਾ। ਬਾਹਰਲੇ ਦੇਸ਼ਾਂ ਤੋਂ ਜਿਹੜੀਆਂ ਖ਼ਬਰਾਂ ਆ ਰਹੀਆਂ ਹਨ, ਉਸ ਨੂੰ ਦੇਖਦਿਆਂ ਭਾਰਤ ਵਾਸੀਆਂ ਨੂੰ ਬੇਹੱਦ ਚੌਕਸ ਰਹਿਣਾ ਪੈਣਾ।