ਸਮਾਜਿਕ ਕਾਰਕੁੰਨ ਸਟੈਨ ਸਵਾਮੀ ਦੀ ਮੌਤ ਦਾ ਦੋਸ਼ੀ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਖ਼ਬਰਾਂ ਕਹਿੰਦੀਆਂ ਹਨ ਕਿ ਅਗਸਤ 2018 ਵਿੱਚ ਭੀਮਾ ਕੋਰੇਗਾਓ ਕਾਂਡ ਅਤੇ ਨਕਸਲੀਆਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਕੇਸ ਵਿੱਚ ਸਟੈਨ ਸਵਾਮੀ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਸੀ। ਇੱਕ ਇੰਟਰਵਿਊ ਦੇ ਦੌਰਾਨ ਸਟੈਨ ਸਵਾਮੀ ਨੇ ਆਖਿਆ ਸੀ ਕਿ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਕਾਰਨ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।

ਹਾਲਾਂਕਿ ਦੋਸ਼ ਇਹ ਵੀ ਸੀ ਕਿ ਮਹਾਰਾਸ਼ਟਰ ਸਥਿਤ ਪੁਣੇ ਜ਼ਿਲ੍ਹੇ ਦੇ ਭੀਮਾ-ਕੋਰੇਗਾਓ ਵਿੱਚ ਹੋਈ ਹਿੰਸਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਦੇ ਲਿੰਕ ਰਾਂਚੀ ਨਾਲ ਵੀ ਮਿਲੇ ਸਨ। ਇਸੇ ਲਿੰਕ ਨੂੰ ਸੁਲਝਾਉਣ ਅਤੇ ਸਬੂਤ ਇਕੱਠੇ ਕਰਨ ਮਹਾਰਾਸ਼ਟਰ ਪੁਲਿਸ ਦੀ ਟੀਮ ਰਾਂਚੀ ਪਹੁੰਚੀ।

ਨਾਮਕੁਨ ਥਾਣਾ ਖੇਤਰ ਦੇ ਏਟੀਸੀ, ਬਗ਼ੀਚਾ ਟੋਲੀ ਵਿੱਚ ਫਾਦਰ ਸਟੈਨ ਸਵਾਮੀ ਦਾ ਘਰ ਹੈ, ਜਿੱਥੇ ਘੰਟਿਆਂ ਤੱਕ ਤਲਾਸ਼ੀ ਮੁਹਿੰਮ ਚੱਲੀ ਅਤੇ 3 ਘੰਟਿਆਂ ਦੀ ਗੁਪਤ ਕਾਰਵਾਈ ਤੋਂ ਬਾਅਦ ਕੋਰੇਗਾਓ ਪੁਲਿਸ ਸਟੈਨ ਸਵਾਮੀ ਦੇ ਘਰੋਂ ਜਾਂਚ ਕਰਨ ਤੋਂ ਬਾਅਦ ਚਲੀ ਗਈ। ਸੂਤਰ ਦੱਸਦੇ ਹਨ ਕਿ ਸਟੈਨ ਸਵਾਮੀ ਦੇ ਘਰੋਂ ਕੁੱਝ ਵੀ ਸ਼ੱਕੀ ਬਰਾਮਦ ਨਹੀਂ ਸੀ ਹੋਇਆ।

ਫਾਦਰ ਸਟੈਨ ਸਵਾਮੀ ‘ਤੇ ਝਾਰਖੰਡ ਦੇ ਖੁੰਟੀ ਥਾਣੇ ਵਿੱਚ 26 ਜੁਲਾਈ 2018 ਨੂੰ ਆਈ. ਟੀ ਐਕਟ ਵਿੱਚ ਇੱਕ ਐਫ਼ਆਈਆਰ ਦਰਜ ਕੀਤੀ ਗਈ। ਇਸ ਐਫ਼ਆਈਆਰ ਵਿੱਚ ਦੇਸ਼-ਧ੍ਰੋਹ, ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਪਤਥਲਗੜ੍ਹੀ ਨੂੰ ਮਜ਼ਬੂਤੀ ਦੇਣ, ਸਰਕਾਰ ਖ਼ਿਲਾਫ਼ ਲੋਕਾਂ ਨੂੰ ਭੜਕਾਉਣ, ਸਰਕਾਰੀ ਯੋਜਨਾਵਾਂ ਦਾ ਵਿਰੋਧ ਕਰਨ ਦਾ ਦੋਸ਼ ਲੱਗਾ ਸੀ। 

ਸਟੈਨ ਸਵਾਮੀ ‘ਤੇ ਦੇਸ਼-ਧ੍ਰੋਹ ਦੇ ਮੁਕੱਦਮੇ ਨੂੰ ਲੈ ਕੇ ਖੁੰਟੀ ਐੱਸ. ਪੀ ਅਸ਼ਵਨੀ ਕੁਮਾਰ ਸਿਨਹਾ ਨੇ ਕਿਹਾ ਸੀ ਕਿ ਜਿਹੜਾ ਇਹ ਕੇਸ ਦਰਜ ਕੀਤਾ ਗਿਆ ਹੈ, ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਹ ਖੋਜ ਦਾ ਵਿਸ਼ਾ ਹੈ, ਹਾਲੇ ਜਾਂਚ ਚੱਲ ਰਹੀ ਹੈ। ਭੀਮਾ-ਕੋਰੇਗਾਓ ਕੇਸ ਤੋਂ ਹੱਟ ਕੇ, ਜੇਕਰ ਅਸੀਂ ਸਟੈਨ ਸਵਾਮੀ ਦੇ ਸੰਬੋਧਨ ਅਤੇ ਅਵਾਮ ਨੂੰ ਦਿੱਤੇ ਸੁਨੇਹਿਆਂ ਦੀ ਗੱਲ ਕਰੀਏ ਤਾਂ, ਉਹ ਆਪਣੇ ਹਰ ਭਾਸ਼ਣ ਵਿੱਚ ਆਜ਼ਾਦ ਭਾਰਤ ਦੇ ਵਸਨੀਕਾਂ ਨੂੰ ਉਨ੍ਹਾਂ ਅਧਿਕਾਰਾਂ ਪ੍ਰਤੀ ਜਾਗਣ ਲਈ ਸੁਨੇਹਾ ਦਿੰਦੇ ਰਹੇ।

ਬਹੁਤ ਹੀ ਨਰਮ ਦਿਲ ਦੇ ਇਨਸਾਨ ਸਟੈਨ ਸਵਾਮੀ, ਬੇਸ਼ੱਕ ਅੱਜ ਇਸ ਸੰਸਾਰ ਵਿੱਚ ਨਹੀਂ ਹਨ, ਪਰ ਉਸ ਦੇ ਇਨਕਲਾਬੀ ਵਿਚਾਰ ਜਿਉਂਦੇ ਹਨ। ਸਟੈਨ ਸਵਾਮੀ ਜਿਹੇ ਲੋਕ ਜਦੋਂ ਸ਼ਹੀਦੀ ਪ੍ਰਾਪਤ ਕਰਕੇ ਸੰਸਾਰ ਨੂੰ ਅਲਵਿਦਾ ਕਹਿੰਦੇ ਹਨ ਤਾਂ, ਉਹ ਆਪਣੇ ਪਿੱਛੇ ਇੱਕ ਵੱਡਾ ਕਾਫ਼ਲਾ ਛੱਡ ਜਾਂਦੇ ਹਨ, ਜਿਹੜਾ ਕਿ ਆਗਾਮੀ ਸਮੇਂ ਵਿੱਚ ਲੋਕ ਲਹਿਰ ਬਣ ਕੇ ਉੱਭਰਦਾ ਹੈ ਅਤੇ ਆਪਣੇ ਹੱਕਾਂ ਦੀ ਗੱਲ ਕਰਦਿਆਂ ਹੋਇਆ ਸਿਆਸਤਦਾਨਾਂ ਨੂੰ ਪੜ੍ਹਨੇ ਪਾਉਂਦਾ ਹੈ।