ਕਿਸਾਨ ਅੰਦੋਲਨ: ਭਾਜਪਾਈਆਂ ਦਾ ਵਿਆਹ 'ਚ ਜਾਣਾ ਔਖਾ ਹੋਇਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਰੋਹ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ ਤੋਂ ਲੈ ਕੇ, ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨ ਇਸ ਵਕਤ ਭਾਜਪਾ ਦਾ ਜੰਮ ਕੇ ਵਿਰੋਧ ਕਰ ਰਹੇ ਹਨ। ਕੱਲ ਰਾਜਪੁਰਾ ਅਤੇ ਬਲਾਚੌਰ ਵਿੱਚ ਕਿਸਾਨਾਂ ਨੇ ਭਾਜਪਾਈਆਂ ਦਾ ਦੱਬ ਕੇ ਵਿਰੋਧ ਕੀਤਾ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦਾ ਸੀਨੀਅਰ ਲੀਡਰ ਰਾਜਪੁਰਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ, ਜਿਵੇਂ ਹੀ ਇਸ ਘਟਨਾ ਦਾ ਪਤਾ ਕਿਸਾਨਾਂ ਨੂੰ ਲੱਗਿਆ, ਉਨ੍ਹਾਂ ਨੇ ਵਿਆਹ ਦੇ ਬਾਹਰ ਹੀ ਮੋਰਚਾ ਲਗਾ ਲਿਆ। 

ਕਿਸਾਨਾਂ ਦੇ ਰੋਹ ਤੋਂ ਡਰਦਾ ਹੋਇਆ ਉਕਤ ਭਾਜਪਾਈ ਲੀਡਰ ਵਿਆਹ ਵਿੱਚ ਹੀ ਨਹੀਂ ਪੁੱਜਾ। ਜਦੋਂਕਿ ਦੂਜੇ ਪਾਸੇ ਬਲਾਚੌਰ ਸਥਿਤ ਇਕ ਹੋਟਲ ਵਿਖੇ ਭਾਜਪਾ ਦੇ ਸੀਨੀਅਰ ਨੇਤਾਵਾਂ ਅਸ਼ਵਨੀ ਸ਼ਰਮਾ ਅਤੇ ਸੁਭਾਸ਼ ਸ਼ਰਮਾ ਦੇ ਪੁੱਜਣ ਦੀ ਭਿਣਕ ਲਗਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਝੰਡਿਆਂ ਨਾਲ ਹੋਟਲ ਦੇ ਬਾਹਰ ਮੇਨ ਸੜਕ ‘ਤੇ ਧਰਨਾ ਦੇਣ ਕਾਰਨ ਭਾਜਪਾ ਆਗੂਆਂ ਨੂੰ ਆਪਣਾ ਪੋ੍ਗਰਾਮ ਰੱਦ ਕਰਨਾ ਪਿਆ।

ਕਿਸਾਨਾਂ ਨੇ ਗੁੱਸੇ ਦਾ ਇਜ਼ਹਾਰ ਕਰਦਿਆਂ ਪੈਲੇਸ ਅਤੇ ਹੋਟਲ ਵਾਲਿਆਂ ਨੂੰ ਅਜਿਹੀਆਂ ਪਾਰਟੀਆਂ ਦੇ ਪੋ੍ਗਰਾਮ ਨਾ ਕਰਨ ਦੇਣ ਦੀ ਸਖਤ ਤਾੜਨਾ ਕੀਤੀ। ਕਿਸਾਨਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਜਿਥੇ ਤਕ ਚੱਲਣਾ ਹੈ ਚੱਲ ਲਵੇ, ਕਿਸਾਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਦਮ ਲੈਣਗੇ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਭਾਜਪਾ ਕਿਸਾਨ ਵਿਰੋਧੀ ਹੈ। ਕਿਸਾਨ ਮਾਰੂ ਖੇਤੀ ਬਿੱਲ ਲਿਆ ਕੇ ਕਿਸਾਨਾਂ ਦਾ ਘਾਣ ਕੀਤਾ ਜਾ ਰਿਹਾ ਹੈ।

ਇਸ ਨੂੰ ਕਿਸੇ ਵੀ ਕੀਮਤ ‘ਤੇ ਪੰਜਾਬ ਅਤੇ ਹੋਰ ਸੂਬਿਆਂ ਦੇ ਕਿਸਾਨ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨੀ ਸੰਘਰਸ਼ ਨੂੰ ਖੇਰੂੰ-ਖੇਰੂੰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਪੰਜਾਬ ਦਾ ਕਿਸਾਨ ਕੇਂਦਰ ਸਰਕਾਰ ਦੀਆਂ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰੇਗਾ। ਭਾਜਪਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਰੌਂਅ ਵਿਚ ਹੈ। ਪੰਜਾਬ ਦਾ ਇੱਕੋ ਇੱਕ ਟੀਚਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦੇ ਹਾਂ ਅਤੇ ਕਰਦੇ ਰਹਾਂਗੇ।