ਮੈਂ ਬੋਲ ਰਿਹਾ ਨਾ, ਤੁਸੀਂ ਚੁੱਪ ਦਾ ਦਾਨ ਬਖਸ਼ੋ! (ਨਿਊਜ਼ਨੰਬਰ ਖ਼ਾਸ ਖ਼ਬਰ)

ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਮਾਨਸੂਨ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ, ਮੈਂ ਬੋਲ ਰਿਹਾ ਨਾ, ਤੁਸੀਂ ਪਲੀਜ਼ ਚੁੱਪ ਦਾ ਦਾਨ ਬਖ਼ਸ਼ੋ ਅਤੇ ਸ਼ਾਂਤੀ ਬਣਾਈ ਰੱਖੋ।

ਮੋਦੀ ਨੇ ਕਿਹਾ, 'ਮੈਂ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਤਿੱਖੇ ਤੋਂ ਤਿੱਖਾ ਸਵਾਲ ਪੁੱਛਣ, ਵਾਰ-ਵਾਰ ਸਵਾਲ ਪੁੱਛਣ ਪਰ ਸ਼ਾਂਤ ਮਾਹੌਲ ਵਿਚ ਸਰਕਾਰ ਨੂੰ ਜਾਣਕਾਰੀ ਦੇਣ ਦਾ ਮੌਕਾ ਵੀ ਦੇਣ'।

ਪੀਐਮ ਮੋਦੀ ਨੇ ਕਿਹਾ ਕਿ, 'ਸਦਨ ਵਿਚ ਚਰਚਾ ਸਾਰਥਕ ਹੋਵੇ। ਇਸ ਨਾਲ ਜਨਤਾ ਨੂੰ ਵੀ ਜਾਣਕਾਰੀ ਮਿਲਦੀ ਹੈ। ਦੇਸ਼ ਦੀ ਰਫਤਾਰ ਵੀ ਤੇਜ਼ ਹੁੰਦੀ ਹੈ। ਦੇਸ਼ ਦੀ ਜਨਤਾ ਜੋ ਜਵਾਬ ਚਾਹੁੰਦੀ ਹੈ, ਉਹ ਜਵਾਬ ਦੇਣ ਦੀ ਸਰਕਾਰ ਦੀ ਪੂਰੀ ਤਿਆਰੀ ਹੈ'। ਪੀਐਮ ਮੋਦੀ ਨੇ ਸਾਰਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ।

ਉਹਨਾਂ ਕਿਹਾ, 'ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਵੈਕਸੀਨ ਦੀ ਇਕ ਖੁਰਾਕ ਲਈ ਹੋਵੇਗੀ ਪਰ ਮੇਰੀ ਸਭ ਨੂੰ ਅਪੀਲ ਹੈ ਕਿ ਸਦਨ ਵਿਚ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕਰਨ ਵਿਚ ਸਹਿਯੋਗ ਦਿਓ'। ਪੀਐਮ ਮੋਦੀ ਨੇ ਸਾਰਿਆਂ ਨੂੰ ਵੈਕਸੀਨ ਲਗਵਾਉਣ ਲਈ ਅਪੀਲ ਕੀਤੀ।

ਉਹਨਾਂ ਕਿਹਾ ਕਿ ਇਹ ਟੀਕਾ ਬਾਹਾਂ 'ਤੇ ਲਗਾਇਆ ਜਾਂਦਾ ਹੈ ਅਤੇ ਇਸ ਨਾਲ ਤੁਸੀਂ ਬਾਹੂਬਲੀ ਬਣ ਜਾਂਦੇ ਹੋ। ਉਹਨਾਂ ਕਿਹਾ ਕਿ ਹੁਣ ਤੱਕ ਦੇਸ਼ ਵਿਚ 40 ਕਰੋੜ ਤੋਂ ਵੱਧ ਲੋਕ ਬਾਹੂਬਲੀ ਬਣ ਚੁੱਕੇ ਹਨ ਅਤੇ ਇਹ ਕੰਮ ਭਵਿੱਖ ਵਿਚ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।