ਕੋਰੋਨਾ ਸੰਕਟ ਨੇ ਉਜਾੜਿਆ ਤਾਣਾ-ਬਾਣਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਅੱਜ ਸਿਹਤ ਦੇ ਬੁਨਿਆਦੀ ਢਾਂਚੇ ਲਈ 23123 ਕਰੋੜ ਰੁਪਏ ਦਾ ਪੈਕਜ ਕੇਂਦਰੀ ਕੈਬਨਿਟ ਵਲੋਂ ਮਨਜ਼ੂਰ ਕੀਤਾ ਗਿਆ ਹੈ, ਜੋ ਖ਼ਾਸ ਕਰਕੇ ਭਵਿੱਖ ਵਿੱਚ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਦਿੱਤਾ ਗਿਆ ਹੈ। ਪਰ ਕੋਵਿਡ-19 ਦੌਰਾਨ ਔਰਤਾਂ ਨੇ ਪ੍ਰਸੂਤਾ ਪੀੜਾਂ, ਬੱਚਿਆਂ ਦੇ ਪਾਲਣ ਪੋਸ਼ਣ, ਖ਼ੁਰਾਕ ਦੀ ਘਾਟ ਦਾ ਜੋ ਤਜ਼ਰਬਾ ਹੰਢਾਇਆ ਹੈ, ਉਹ ਬਹੁਤ ਹੀ ਮੰਦਭਾਗਾ ਸੀ।

ਸਰਕਾਰੀ ਹਸਪਤਾਲ, ਜੋ ਅੱਧੇ-ਅਧੂਰੀਆਂ ਸੁਵਿਧਾਵਾਂ ਵਾਲੇ ਸਨ, ਕੋਵਿਡ-19 ਨਾਲ ਨਜਿੱਠਣ ਲਈ ਲੱਗੇ ਹੋਏ ਸਨ, ਚਾਰੇ ਪਾਸੇ ਹਾਹਾਕਾਰ ਸੀ, ਆਕਸੀਜਨ ਤੇ ਉਪਕਰਨਾਂ ਦੀ ਕਮੀ ਸੀ, ਪਰ ਇਸ ਤੋਂ ਵੀ ਵੱਡੀ ਕਮੀ ਇਹ ਸੀ ਕਿ ਗਰਭਵਤੀ ਔਰਤਾਂ ਦੇ ਜਨਣ ਪ੍ਰਬੰਧ ਬਿਲਕੁਲ ਖ਼ਤਮ ਸਨ, ਕਿਉਂਕਿ ਕਰੋਨਾ ਤੋਂ ਬਿਨ੍ਹਾਂ ਹੋਰ ਵਿਭਾਗ ਬੰਦ ਸਨ ਜਾਂ ਸੁਵਿਧਾਵਾਂ ਸੀਮਤ ਸਨ। 

ਇਸ ਸਥਿਤੀ ‘ਚ ਔਰਤਾਂ ਨੂੰ ਖ਼ੁਰਾਕ ਨਾ ਮਿਲੀ, ਬੱਚਿਆਂ ਦਾ ਟੀਕਾਕਰਨ ਲਗਭਗ ਨਾਂਹ ਬਰਾਬਰ ਹੋਇਆ ਅਤੇ ਕੋਵਿਡ-19 ਨੇ ਔਰਤਾਂ ਦੀ ਸਿਹਤ ਨੂੰ ਹੋਰ ਸੰਕਟ ਵਿੱਚ ਪਾ ਦਿੱਤਾ। ਜਿਵੇਂ ਕਰੋਨਾ ਕਾਲ ਵਿੱਚ ਔਰਤਾਂ ਦੀ ਸਿਹਤ ਦੀ ਅਣਦੇਖੀ ਹੋਈ ਹੈ, ਔਰਤਾਂ ਵਿਰੁੱਧ ਘਰੇਲੂ ਹਿੰਸਾ ਵਧੀ ਹੈ, ਔਰਤਾਂ ਦੀ ਆਤਮ ਨਿਰਭਰਤਾ ਨੂੰ ਸੱਟ ਵੱਜੀ ਹੈ, ਉਸਨੂੰ ਥਾਂ ਸਿਰ ਕਰਨ ਲਈ ਤਤਕਾਲ ਕਾਨੂੰਨੀ, ਸਿਹਤ ਸਬੰਧੀ ਅਤੇ ਮਨੋਵਿਗਿਆਨਿਕ ਸਹਾਇਤਾ ਲਈ ਐਮਰਜੈਂਸੀ ਸੇਵਾਵਾਂ ਦੀ ਲੋੜ ਹੈ।

ਇਹ ਸੇਵਾਵਾਂ ਕਾਗਜੀਂ-ਪੱਤਰੀਂ ਨਾ ਹੋਣ ਸਗੋਂ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਸੁਚਾਰੂ ਰੂਪ ਨਾਲ ਚੱਲਣ। ਇਸ ਤੋਂ ਵੀ ਵੱਡੀ ਗੱਲ ਇਹ ਕਿ ਜਦੋਂ ਵੀ ਸਕੂਲ ਖੁਲ੍ਹਣ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਇਹ ਯਕੀਨੀ ਬਨਾਉਣ ਕਿ ਲੜਕੀਆਂ ਸਕੂਲ ਜਾਣ ਅਤੇ ਉਹਨਾ ਦੀ ਸਿੱਖਿਆ ਦਾ ਉਚਿਤ ਪ੍ਰਬੰਧ ਹੋਵੇ।