ਤਾਲਾਬੰਦੀ ਦੌਰਾਨ ਮਰਦਾਂ ਨਾਲੋਂ ਵੱਧ ਔਰਤਾਂ ਨੇ ਗੁਆਈਆਂ ਨੌਕਰੀਆਂ (ਨਿਊਜ਼ਨੰਬਰ ਖ਼ਾਸ ਖ਼ਬਰ)

ਯੂਨੀਵਰਸਿਟੀ ਆਫ਼ ਮਾਨਚੈਸਟਰ ਗਲੋਬਲ ਡਿਵੈਲਪਮੈਂਟ ਦੇ ਇਕ ਅਧਿਐਨ ਅਨੁਸਾਰ ਬੰਦੀ ਦੇ ਕਾਰਨ ਨੌਕਰੀਆਂ ਗਵਾਉਣ ਵਾਲਿਆਂ ਵਿੱਚ ਔਰਤਾਂ ਦਾ ਅਨੁਪਾਤ ਪੁਰਸ਼ਾਂ ਦੇ ਮੁਕਾਬਲੇ ਬਹੁਤ ਜਿਆਦਾ ਹੈ। ਮੰਦੀ ਦੇ ਕਾਰਨ ਅਨੇਕਾਂ ਸ਼ਹਿਰੀ ਔਰਤਾਂ ਦੀ ਆਮਦਨ ਲਗਭਗ ਸਿਫ਼ਰ ਹੋ ਗਈ। ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੇ ਰੁਜ਼ਗਾਰ ਟੁੱਟ ਗਏ।

ਇਹਨਾਂ ਵਿੱਚੋਂ ਅਨੇਕਾਂ ਔਰਤਾਂ ਫਲ ਅਤੇ ਸਬਜੀਆਂ ਵੇਚਣ ਜਿਹੇ ਛੋਟੇ-ਛੋਟੇ ਰੁਜ਼ਗਾਰ ਕਰਕੇ ਗੁਜ਼ਾਰਾ ਕਰਦੀਆਂ ਸਨ। ਉਹਨਾ ਦੀ ਆਮਦਾਨ ਘੱਟ ਗਈ। ਸਤੰਬਰ 2020 ਦੀ ਯੂ ਐਨ ਵੂਮੈਨ ਰਿਪੋਰਟ ਦੱਸਦੀ ਹੈ ਕਿ ਕੋਵਿਡ-19 ਕਾਰਨ ਮਰਦਾਂ ਨਾਲੋਂ ਔਰਤਾਂ ਨੇ ਵੱਧ ਨੌਕਰੀਆਂ ਗੁਆਈਆਂ ਹਨ।

ਸਾਲ 2021 ਤੱਕ ਕੋਵਿਡ-19 ਕਾਰਨ ਨੌਕਰੀਆਂ ਗੁਆਉਣ ਕਾਰਨ ਗਰੀਬ ਬਣੇ ਲੋਕਾਂ ਦੀ ਗਿਣਤੀ 9 ਕਰੋੜ 60 ਲੱਖ ਹੋਏਗੀ, ਜਿਹਨਾ ਵਿੱਚ 4 ਕਰੋੜ 70 ਲੱਖ ਔਰਤਾਂ ਹੋਣਗੀਆਂ। ਸਿੱਟਾ ਇਹ ਹੈ ਕਿ ਪਰਿਵਾਰਾਂ ਦੀਆਂ ਛੋਟੀਆਂ ਬਚਤਾਂ ਖ਼ਤਮ ਹੋ ਰਹੀਆਂ ਹਨ। ਗਹਿਣੇ ਤੱਕ ਵਿੱਕ ਚੁੱਕੇ ਹਨ ਤੇ ਗਰੀਬ ਔਰਤਾਂ ਖ਼ਾਸ ਕਰਕੇ ਸੂਦ ਖੋਰਾਂ ਦਾ ਸ਼ਿਕਾਰ ਹੋ ਰਹੀਆਂ ਹਨ।

ਗਰੀਬੀ ਵੱਧਣ ਨਾਲ ਭੋਜਨ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਿਆ ਹੈ। ਪਰੰਪਰਾ ਦੇ ਅਨੁਸਾਰ ਸਭ ਤੋਂ ਅੰਤ ਵਿੱਚ ਪਰਿਵਾਰ ਵਿੱਚ ਖਾਣਾ ਖਾਣ ਵਾਲੀਆਂ ਔਰਤਾਂ ਦੀ ਥਾਲੀ ਖਾਲੀ ਰਹਿਣ ਲੱਗੀ। ਪਰਿਵਾਰ ਦੇ ਮੈਂਬਰਾਂ ਦੀ ਵੱਧਦੀ ਗਿਣਤੀ ਅਤੇ ਅਵਾਸ-ਪ੍ਰਵਾਸ ਦੀ ਸਮੱਸਿਆ ਨੇ ਮਾਨਸਿਕ ਤੌਰ ਤੇ ਤਨਾਅ ਪੈਦਾ ਕੀਤਾ।

ਰਾਸ਼ਟਰੀ ਮਹਿਲਾ ਆਯੋਗ ਦੇ ਅੰਕੜੇ ਦੱਸਦੇ ਹਨ ਕਿ ਮਾਰਚ 2020 ਵਿੱਚ ਪੂਰਨਬੰਦੀ ਬਾਅਦ ਘਰੇਲੂ ਹਿੰਸਾ ਵਿੱਚ 15 ਤੋਂ 49 ਵਰ੍ਹੇ ਦੇ ਵਰਗ ਦੀਆਂ ਲਗਭਗ 24 ਕਰੋੜ 30 ਲੱਖ ਔਰਤਾਂ ਆਪਣੇ ਨਜ਼ਦੀਕੀ ਲੋਕਾਂ ਦੀ ਜੋਨ ਅਤੇ ਸਰੀਰਕ ਹਿੰਸਾ ਦਾ ਸ਼ਿਕਾਰ ਹੋਈਆਂ।

ਪੁਰਸ਼ਾਂ ਨੇ ਵੱਡੀ ਸੰਖਿਆ ਵਿੱਚ ਰੁਜ਼ਗਾਰ ਗੁਆਇਆ, ਰੋਟੀ-ਰੋਜ਼ੀ ਦੇ ਸੰਕਟ ਅਤੇ ਭਵਿੱਖ ਦੀ ਚਿੰਤਾ ਨੇ ਉਹਨਾ ਨੂੰ ਹਿੰਸਕ ਬਣਾ ਦਿੱਤਾ। ਔਰਤਾਂ ਹਮੇਸ਼ਾ ਦੀ ਤਰ੍ਹਾਂ ਇਸ ਹਿੰਸਾ ਦਾ ਸ਼ਿਕਾਰ ਬਣੀਆਂ ਅਤੇ ਵੱਡੀਆਂ ਔਰਤਾਂ ਉਹਨਾ ਨੂੰ ਪੀੜਾ ਸਹਿੰਦਾ ਦੇਖਦੀਆਂ ਰਹੀਆਂ।