ਐਨੀ ਜਾਲਮ ਨਾ ਬਣ ਸਰਕਾਰੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਚੰਡੀਗੜ੍ਹ ਵਿੱਚ ਕਿਸਾਨਾਂ ਨੇ ਭਾਜਪਾਈ ਲੀਡਰਾਂ ਦਾ ਵਿਰੋਧ ਕੀਤਾ। ਪਰ ਇਸੇ ਦੌਰਾਨ ਹੀ ਚੰਡੀਗੜ੍ਹ ਪੁਲਿਸ, ਜੋ ਕੇਂਦਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ, ਉਹਨੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸੇ ਵਿੱਚ ਹਰਿਆਣਾ ਦੇ ਕਈ ਕਿਸਾਨ ਵੀ ਸ਼ਾਮਲ ਸਨ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ, ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਪਹੁੰਚੇ, ਚੰਡੀਗੜ੍ਹ ਮੋਹਾਲੀ ਦੇ ਬੱਚਿਆਂ ਨੂੰ ਵੀ ਚੰਡੀਗੜ੍ਹ ਪੁਲਿਸ ਨੇ ਨਹੀਂ ਬਖ਼ਸ਼‍ਿਆਂ ਅਤੇ ਚੁੱਕ ਕੇ ਗੱਡੀਆਂ ਵਿੱਚ ਸੁੱਟ ਕੇ ਲੈ ਗਏ। 

ਖ਼ਬਰਾਂ ਦੀ ਮੰਨੀਏ ਤਾਂ, ਚੰਡੀਗੜ੍ਹ ਪੁਲਿਸ ਵੱਲੋਂ ਸ਼ਨੀਵਾਰ ਨੂੰ ਚੱਲ ਰਹੇ ਕਿਸਾਨਾਂ ਦੇ ਵਿਰੋਧ ਦੇ ਸਿਲਸਿਲੇ ਵਿੱਚ ਇੱਕ 13 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਢੂਨੀ ਨੇ ਇਸ ਨਾਬਾਲਗ ਲੜਕੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ।

ਚਢੂਨੀ ਨੇ ਇਸ ਕਾਰਵਾਈ ਨੂੰ ਬੇਹੱਦ ਸ਼ਰਮਨਾਕ ਦੱਸਦਿਆਂ ਇਸ 13 ਸਾਲ ਦੇ ਨਾਬਾਲਗ ਲੜਕੇ ਨੂੰ ਸ਼ਾਬਾਸ਼ੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਪੂਰਾ ਦੇਸ਼ ਉਸ ਦੇ ਨਾਲ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਲਿਖਿਆ ਕਿ ਜੇਕਰ ਬੱਚੇ ਨਾਲ ਕੁਝ ਵੀ ਗਲਤ ਹੋਇਆ ਤਾਂ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਜਾਣਗੀਆਂ।

ਉਥੇ ਹੀ ਵੀਡੀਓ ਵਿੱਚ 13 ਸਾਲਾ ਬੱਚੇ ਨੂੰ ਪੁਲਿਸ ਦੀ ਗੱਡੀ ਲਿਜਾ ਰਹੀ ਹੈ ਅਤੇ ਉਹ ਕਹਿ ਰਿਹਾ ਹੈ ਕਿ ਭਾਵੇਂ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਉਸ ਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ। ਜੇਕਰ ਜੇਲ੍ਹ ਵਿੱਚ ਉਸ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਉਸ ਦੀ ਲਾਸ਼ ਨੂੰ ਸਿੰਘੂ ਬਾਰਡਰ ਦਾ ਕੋਈ ਕਿਸਾਨ ਆਗੂ ਹੀ ਜੇਲ੍ਹ ਵਿੱਚੋਂ ਲੈਣ ਵਾਸਤੇ ਆਵੇ।