ਮੌਸਮ ਵਿਭਾਗ ਨੂੰ ਮੋਦੀ ਭਗਤ ਕਿਉਂ ਕਹਿ ਰਹੇ ਨੇ ਲੋਕ? (ਨਿਊਜ਼ਨੰਬਰ ਖਾਸ ਖ਼ਬਰ)

ਸੋਸ਼ਲ ਮੀਡੀਆ ਤੇ ਇੱਕ ਚਰਚਾ ਨਵੀਂ ਛਿੜ ਗਈ ਹੈ। ਜਿਹੜਾ ਮੌਸਮ ਵਿਭਾਗ ਬੱਦਲਵਾਹੀ, ਮੀਂਹ ਅਤੇ ਤੂਫ਼ਾਨ ਦੇ ਬਾਰੇ ਵਿੱਚ ਲੋਕਾਂ ਨੂੰ ਸੂਚਨਾ ਦਿੰਦਾ ਹੈ, ਉਹਨੂੰ ਅੱਜ ਕੱਲ੍ਹ ਲੋਕ ਮੋਦੀ ਭਗਤ ਕਹਿ ਰਹੇ ਹਨ। ਅਸਲ ਵਿੱਚ ਵਿਵਾਦ ਖੜ੍ਹਾ ਕਿੱਥੋਂ ਹੋਇਆ ਇਹਦੇ ਬਾਰੇ ਜਾਣਨਾ ਜਰੂਰੀ ਹੈ। ਭਾਰਤ ਵਿੱਚ ਪੈ ਰਹੀ ਭਿਆਨਕ ਗਰਮੀ ਤੋਂ ਲੋਕ ਅੱਕੇ ਪਏ ਹਨ ਅਤੇ ਉਹ ਹੁਣ ਕੁਦਰਤ ਕੋਲੋਂ ਮੀਂਹ ਮੰਗ ਰਹੇ ਹਨ। 

ਕੁਦਰਤ ਕਦੋਂ ਮੀਂਹ ਪਾਵੇਗਾ, ਕੋਈ ਪਤਾ ਨਹੀਂ, ਪਰ ਅੰਦਾਜ਼ਾ ਜਿਹੜਾ ਮੌਸਮ ਵਿਭਾਗ ਮੀਂਹ ਪੈਣ ਦਾ ਲਗਾ ਰਿਹਾ ਹੈ, ਉਹ ਬਿਲਕੁਲ ਗਲਤ ਸਾਬਤ ਹੋ ਰਿਹਾ ਹੈ। ਜਿਸ ਦੇ ਕਾਰਨ ਲੋਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਗਤਾਂ ਨਾਲ ਮੌਸਮ ਵਿਭਾਗ ਦੀ ਤੁਲਣਾ ਕਰ ਰਹੇ ਹਨ। ਖ਼ੈਰ, ਪਹਾੜੀ ਇਲਾਕਿਆਂ ਵਿੱਚ ਇਸ ਵੇਲੇ ਭਾਰੀ ਮੀਂਹ ਪੈ ਰਹੇ ਹਨ ਅਤੇ ਮੁੰਬਈ ਤੋਂ ਅੱਜ ਹੀ ਖ਼ਬਰ ਆਈ ਹੈ ਕਿ, ਡੇਢ ਦਰਜਨ ਲੋਕ ਮਰ ਗਏ ਹਨ। 

ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ 18 ਜੁਲਾਈ ਤੋਂ 20 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ।

ਅਗਲੇ 48 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕੁਝ ਥਾਵਾਂ ‘ਤੇ ਹਲਕੇ ਮੀਂਹ / ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਤੇਜ਼ ਹਨ੍ਹੇਰੀ ਅਤੇ ਬਿਜਲੀ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ ਮੀਂਹ ਦੀਆਂ ਗਤੀਵਿਧੀਆਂ ਦੀ ਤੀਬਰਤਾ 18 ਤੋਂ 20 ਜੁਲਾਈ 2021 ਦੌਰਾਨ ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ਵਿੱਚ ਫੈਲਣ ਦੀ ਸੰਭਾਵਨਾ ਹੈ। ਜਿਆਦਾਤਰ ਥਾਵਾਂ ਅਤੇ ਉੱਤਰ ਪੂਰਬੀ ਅਤੇ ਦੱਖਣੀ ਪੂਰਬੀ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ / ਗਰਜ ਨਾਲ ਅਤੇ ਉੱਤਰੀ ਪੂਰਬੀ ਤੇ ਦੱਖਣ ਪੂਰਬੀ ਹਿੱਸਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਬਾਰਿਸ਼ ਹੋਵੇਗੀ।