ਕੀ ਭਾਜਪਾ ਨਾਲ ਮਿਲ ਕੇ ਕਾਂਗਰਸ ਵੀ ਕਰ ਰਹੀ ਐ ਕਿਸਾਨ ਮੋਰਚਾ ਬਦਨਾਮ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਆਪਣੇ ਜਾਰੀ ਬਿਆਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਕੁਝ ਕਿਸਾਨ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸਣੇ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ ਗਰੁੱਪਾਂ ਦੁਆਰਾ ਡਰੋਨ ਗਤੀਵਿਧੀਆਂ ਅਤੇ ਹੋਰ ਅੱਤਵਾਦੀ ਸਰਗਰਮੀਆਂ ਵਧਾਉਣ ਦੇ ਸਰਹੱਦ ਪਾਰ ਦੇ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਦੋਲਨਕਾਰੀ ਕਿਸਾਨਾਂ ਨਾਲ ਤੁਰੰਤ ਗੱਲਬਾਤ ਸ਼ੁਰੂ ਕਰਨ ਤੇ ਉਨਾਂ ਦੇ ਮਸਲੇ ਸੁਲਝਾਉਣ ਲਈ ਉਸਾਰੂ ਯਤਨ ਕਰਨ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਵਿਚਾਰ-ਚਰਚਾ ਕਰਨ ਲਈ ਪੰਜਾਬ ਤੋਂ ਸਰਬ-ਪਾਰਟੀ ਵਫਦ ਦੀ ਅਗਵਾਈ ਕਰਨ ਦਾ ਪ੍ਰਸਤਾਵ ਰੱਖਿਆ ਤਾਂ ਕਿ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਪੀਡੀ ਸਮੱਸਿਆ ਦਾ ਸਥਾਈ ਅਤੇ ਸੁਖਾਵਾਂ ਹੱਲ ਕੱਢਿਆ ਜਾ ਸਕੇ ਕਿਉਂ ਜੋ ਇਹ ਸਾਡੇ ਸਮਾਜਿਕ ਤਾਣੇ-ਬਾਣੇ ਲਈ ਖਤਰਾ ਬਣਨ ਦੇ ਨਾਲ-ਨਾਲ ਆਰਥਿਕ ਸਰਗਰਮੀਆਂ ਉਤੇ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।

ਕੈਪਟਨ ਦੇ ਇਸ ਬਿਆਨ ਤੋਂ ਇੰਝ ਲੱਗਦਾ ਹੈ ਕਿ, ਜਿਵੇਂ ਆਰਐਸਐਸ ਜਾਂ ਫਿਰ ਭਾਜਪਾ ਨੇ ਦਿੱਤਾ ਹੋਵੇ। ਹੁਣ ਇਸ ਬਿਆਨ ਨੂੰ ਲੈ ਕੇ, ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਵੀ ਮੈਦਾਨ ਵਿੱਚ ਉਤਰ ਆਈ ਹੈ। ਉਹਨੇ ਕੈਪਟਨ ਦੇ ਇਸ ਬਿਆਨ ਦੀ ਦੱਬ ਕੇ ਆਲੋਚਨਾ ਕੀਤੀ ਅਤੇ ਕਿਹਾ ਕਿ ਜਨਤਾ ਕਾਂਗਰਸ ਦੀ ਚੁਣਾਵੀ ਸਵਾਰਥ ਦੀ ਰਾਜਨੀਤੀ ਨੂੰ ਸਮਝਦੀ ਹੈ। ਅਜਿਹਾ ਕਰਕੇ ਕਾਂਗਰਸ ਨੂੰ ਕੋਈ ਲਾਭ ਨਹੀਂ ਹੋਣ ਵਾਲਾ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਆਰੋਪ ਲਗਾਇਆ ਹੈ।

ਮਾਇਆਵਤੀ ਨੇ ਟਵੀਟ ਵਿਚ ਲਿਖਿਆ, 'ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਵੱਲੋਂ ਕਿਸਾਨੀ ਅੰਦੋਲਨ ਬਾਰੇ ਵੱਖ-ਵੱਖ ਖਦਸ਼ਿਆਂ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਅਤੇ ਉਸ ਦੀ ਆੜ ਵਿਚ ਚੋਣ ਰਾਜਨੀਤੀ ਕਰਨਾ ਅਨੁਚਿਤ ਹੈ'।