ਕਾਂਗਰਸ ਕਲੇਸ਼: ਕੀ ਸਿੱਧੂ ਆਪਣੀ ਪਾਰਟੀ ਬਣਾਏਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਨਵਜੋਤ ਸਿੰਘ ਸਿੱਧੂ ਨੂੰ ਟਵੀਟ ਰਾਹੀਂ ਸਲਾਹ ਦਿੱਤੀ ਹੈ ਕਿ ਉਹ ਵਾਰ-ਵਾਰ ਪਾਰਟੀਆਂ ਬਦਲ ਕੇ ਹੋਰ ਪਾਰਟੀਆਂ ਦਾ ਮਾਹੌਲ ਖ਼ਰਾਬ ਕਰਨ ਦੀ ਥਾਂ ਆਪਣੀ ਹੀ ਪਾਰਟੀ ਬਣਾ ਲੈਣ।

ਉਨ੍ਹਾਂ ਕਿਹਾ ਕਿ ਉਹ ਕਿਸੇ ਰਾਜਨੀਤਕ ਪਾਰਟੀ ਵਿੱਚ ਜਾਣਗੇ ਜਾਂ ਨਹੀਂ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਪਰ ਉਹ ਵਾਰ-ਵਾਰ ਪਾਰਟੀਆਂ ਬਦਲ ਕੇ ਦੂਜੀਆਂ ਪਾਰਟੀਆਂ ਦਾ ਮਾਹੌਲ ਖ਼ਰਾਬ ਨਾ ਕਰਨ।

ਹੁਣ ਸਵਾਲ ਉੱਠਦਾ ਹੈ ਕਿ ਕੀ ਸਿੱਧੂ ਭਾਜਪਾ ਆਖੇ ਲੱਗ ਕੇ ਨਵੀਂ ਪਾਰਟੀ ਬਣਾਏਗਾ ਜਾਂ ਫਿਰ ਕਾਂਗਰਸ ਵਿਚ ਰਹਿ ਕੇ ਹੀ ਪੰਜਾਬ ਬਚਾਉਣ ਦੀਆਂ ਗੱਲਾਂ ਕਰਦਾ ਰਹੇਗਾ? ਖ਼ੈਰ ਇਹ ਮਸਲੇ ਵਿਚਾਰਨਯੋਗ ਹਨ, ਪਰ ਅਸਲ ਸਵਾਲ ਇਹ ਹੈ ਕਿ ਭਾਜਪਾਈ ਹੀ ਕਿਉਂ ਸਿੱਧੂ ਨੂੰ ਨਵੀਂ ਪਾਰਟੀ ਬਨਾਉਣ ਦੀਆਂ ਸਲਾਹਾਂ ਦੇ ਰਹੇ ਹਨ?

ਕਿਤੇ ਭਾਜਪਾ ਆਖੇ ਲੱਗ ਕੇ ਤਾਂ ਨਹੀਂ ਸਿੱਧੂ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਵਿਰੋਧ ਕਰ ਰਿਹਾ? ਭਾਜਪਾ ਦੇ ਬਿਆਨ ਪਿੱਛੋਂ ਸਿੱਧੂ ਦਾ ਇਸ ਤੇ ਕੋਈ ਵੀ ਜਵਾਬ ਨਹੀਂ ਆਇਆ। ਦੂਜੇ ਪਾਸੇ ਗੱਲ ਇਹ ਵੀ ਚੱਲ ਰਹੀ ਹੈ ਕਿ ਸਿੱਧੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ।

ਪਰ ਇਹ ਗੱਲ ਸਿਰੇ ਚੜਦੀ ਨਜ਼ਰੀਂ ਨਹੀਂ ਆ ਰਹੀ। ਕੱਲ ਨਵਜੋਤ ਸਿੱਧੂ ਦੀ ਮੁਲਾਕਾਤ ਰਾਹੁਲ ਗਾਂਧੀ ਦੇ ਨਾਲ ਹੋਈ ਹੈ, ਜਿਸ ਤੋਂ ਬਾਅਦ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਨੂੰ ਕਾਂਗਰਸ ਕਮੇਟੀ ਪੰਜਾਬ ਪ੍ਰਧਾਨ ਬਣਾ ਸਕਦੀ ਹੈ।