ਕੈਪਟਨ ਨਾਲ ਵਿਗੜੀ, ਹੁਣ ਕੇਜਰੀਵਾਲ ਨਾਲ ਬਣੇਗੀ ਸਿੱਧੂ ਦੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੁਆਰਾ ਲਗਾਤਾਰ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਹਨ। ਕਦੇ ਤਾਂ ਸਿੱਧੂ ਬਾਦਲਾਂ ਵਿਰੁੱਧ ਟਵੀਟ ਕਰ ਰਹੇ ਹਨ ਅਤੇ ਕਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ। ਕੈਪਟਨ ਵੱਲੋਂ ਤਾਂ ਹੁਣ ਸਿੱਧੂ ਦੇ ਟਵੀਟ ਦਾ ਜਵਾਬ ਦੇਣਾ ਹੀ ਛੱਡ ਦਿੱਤਾ ਹੋਇਆ ਹੈ। ਪਰ ਦੂਜੇ ਪਾਸੇ ਸਿੱਧੂ ਲਗਾਤਾਰ ਕਾਂਗਰਸ ਸਰਕਾਰ ਤੇ ਨਿਸ਼ਾਨਾ ਵਿੰਨਦੇ ਆ ਰਹੇ ਹਨ। 

ਅੱਜ ਨਵਜੋਤ ਸਿੱਧੂ ਨੇ ਇੱਕ ਟਵੀਟ ਕੀਤਾ, ਜਿਸ ਵਿੱਚ ਉਹਨੇ ਕਾਂਗਰਸ ਦੇ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਸੋਹਲੇ ਗਾਏ। ਆਪਣੇ ਟਵੀਟ ਵਿੱਚ ਉਹਨੇ ਲਿਖਿਆ ਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਉਹਦੇ ਕੰਮਾਂ ਦੀ ਤਰੀਫ਼ ਕੀਤੀ ਹੈ ਅਤੇ ਮੈਂ ਵੀ ਕਦੇ ਆਮ ਆਦਮੀ ਪਾਰਟੀ ਨੂੰ ਬਿਨ੍ਹਾਂ ਵਜ੍ਹਾ ਤੋਂ ਮਾੜਾ ਨਹੀਂ ਆਇਆ। ਖ਼ਬਰਾਂ ਦੀ ਮੰਨੀਏ ਤਾਂ, ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਸੋਲ੍ਹੇ ਗਾਏ ਹਨ।

ਨਵਜੋਤ ਸਿੱਧੂ ਜਿੱਥੇ ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣਾ ਪੱਖ ਰੱਖ ਰਹੇ ਹਨ, ਉਥੇ ਹੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਅਕਾਲੀ ਦਲ 'ਤੇ ਵੱਡੇ ਹਮਲੇ ਬੋਲ ਰਹੇ ਹਨ। ਸਿੱਧੂ ਨੇ ਤਾਜ਼ਾ ਟਵੀਟ ਵਿਚ ਆਖਿਆ ਹੈ ਕਿ ਸਾਡੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਮੇਰੀ ਸੋਚ ਅਤੇ ਮੇਰੇ ਕੰਮ ਨੂੰ ਹਮੇਸ਼ਾ ਮਾਨਤਾ ਦਿੱਤੀ ਹੈ।

ਇਹ ਭਾਵੇਂ 2017 ਤੋਂ ਪਹਿਲਾਂ ਬੇਅਦਬੀ, ਨਸ਼ਾ, ਕਿਸਾਨੀ, ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਬਿਜਲੀ ਸੰਕਟ ਹੋਵੇ ਜਾਂ ਅੱਜ ਜਦ ਮੈਂ 'ਪੰਜਾਬ ਮਾਡਲ' ਦੇ ਰਿਹਾ ਹਾਂ, ਉਨ੍ਹਾਂ ਨੂੰ ਪਤਾ ਹੈ ਕਿ ਅਸਲ 'ਚ ਪੰਜਾਬ ਲਈ ਕੌਣ ਲੜ ਰਿਹਾ ਹੈ। ਇਸ ਦੇ ਨਾਲ ਹੀ ਸਿੱਧੂ ਨੇ ਇਹ ਵੀ ਆਖਿਆ ਹੈ ਕਿ ਜੇਕਰ ਵਿਰੋਧੀ ਧਿਰ ਨੇ ਮੈਨੂੰ ਸਵਾਲ ਕਰਨ ਦੀ ਹਿੰਮਤ ਕੀਤੀ ਹੈ ਤਾਂ ਵੀ ਉਹ ਮੇਰੇ 'ਪੰਜਾਬ ਪੱਖੀ ਏਜੰਡੇ' ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ, ਅਰਥਾਤ ਉਸਨੇ ਕੰਧ 'ਤੇ ਲਿਖਿਆ ਪੜ੍ਹ ਲਿਆ ਹੈ।