ਭਾਜਪਾ ਵਿਚਲਾ ਸੰਕਟ (ਨਿਊਜ਼ਨੰਬਰ ਖ਼ਾਸ ਖ਼ਬਰ)

2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਇੱਕ ਤਰ੍ਹਾਂ ਨਾਲ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਪਾਰਟੀ ਹੀ ਬਣਕੇ ਰਹਿ ਗਈ ਸੀ। ਪਾਰਟੀ ਦੇ ਹਰ ਕੰਮ ਕਾਰ ਨੂੰ ਇਨ੍ਹਾਂ ਦੋ ਨੇਤਾਵਾਂ ਨੇ ਏਨੀ ਬੁਰੀ ਤਰ੍ਹਾਂ ਜਕੜ ਲਿਆ ਸੀ ਕਿ ਕਿਸੇ ਨੂੰ ਇਨ੍ਹਾਂ ਦੋਵਾਂ ਦੀਆਂ ਨੀਤੀਆਂ ਬਾਰੇ ਬੋਲਣ ਦਾ ਹੱਕ ਵੀ ਨਹੀ ਸੀ।

ਪਾਰਟੀ ਵਿੱਚੋਂ ਅੰਦਰੂਨੀ ਜਮਹੂਰੀਅਤ ਦਾ ਗਲਾ ਘੁੱਟ ਦਿਆ ਗਿਆ ਸੀ ਅਤੇ ਇਨ੍ਹਾਂ ਦੋਵਾਂ ਨੇਤਾਵਾਂ ਨੇ ਆਪਣੇ ਹੱਕ ਵਿੱਚ ਬੋਲਣ ਵਾਲੇ ਤੋਤਿਆਂ ਦੀਆਂ ਡਾਰਾਂ ਚਾਰੇ ਪਾਸੇ ਪੈਦਾ ਕਰ ਲਈਆਂ ਸਨ। ਮੀਡੀਆ, ਅਦਾਲਤਾਂ, ਅਫਸਰਸ਼ਾਹੀ, ਐਮ.ਐਲ.ਏ. ਅਤੇ ਐਮ.ਪੀ ਸਾਰਾ ਤਾਣਾਬਾਣਾਂ ਇਨ੍ਹਾਂ ਦੋਵਾਂ ਨੇ ਆਪਣੇ ਹਿੱਤਾਂ ਲਈ ਬੁਣ ਲਿਆ ਸੀ। ਇੱਕ ਪਾਸੇ ਇਨ੍ਹਾਂ ਨੇ ਸਰਕਾਰ ਵਿੱਚ ਸਾਰੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰ ਲਿਆ ਸੀ ਦੂਜੇ ਪਾਸੇ ਪਾਰਟੀ ਵਿੱਚ ਵੀ। ਮੋਦੀ-ਸ਼ਾਹ ਦੀਆਂ ਨੀਤੀਆਂ ਕਾਰਨ ਕਈ ਟਕਸਾਲੀ ਭਾਜਪਾਈ ਪਾਰਟੀ ਤੋਂ ਕਿਨਾਰਾ ਕਰ ਗਏ ਸਨ।

ਉੱਤਰ ਪਰਦੇਸ਼ ਦੇ ਮੁੱਖ ਮੰਤਰੀ ਅਦਿਤਿਆਨਾਥ ਪਾਰਟੀ ਵਿੱਚ ਇੱਕ ਅਜਿਹੇ ਕੇਂਦਰ ਵੱਜੋਂ ਉਭਰ ਰਹੇ ਸਨ ਜੋ ਮੋਦੀ_ਸ਼ਾਹ ਦੀ ਜੋੜੀ ਨੂੰ ਲੁਕਵੇਂ ਢੰਗ ਨਾਲ ਚੁਣੌਤੀ ਦੇਣ ਦੀ ਸਮਰਥਾ ਰੱਖਣ ਲੱਗ ਪਏ ਸਨ। ਬੇਸ਼ਕ ਅਦਿਤਿਆਨਾਥ ਨੂੰ ਮੁੱਖ ਮੰਤਰੀ ਮੋਦੀ ਸ਼ਾਹ ਦੀ ਜੋੜੀ ਨੇ ਹੀ ਬਣਾਇਆ ਸੀ ਪਰ ਅਦਿਤਿਆਨਾਥ ਨੇ ਉੱਤਰ ਪਰਦੇਸ਼ ਨੂੰ ਆਪਣੀ ਜਕੜ ਵਿੱਚ ਅਜਿਹਾ ਲਿਆ ਕਿ ਮੋਦੀ ਸ਼ਾਹ ਨੂੰ ਹਾਸ਼ੀਏ ਤੇ ਧੱਕਣਾਂ ਸ਼ੁਰੂ ਕਰ ਦਿੱਤਾ।

ਉਨ੍ਹਾਂ ਉੱਤਰ ਪਰਦੇਸ਼ ਨੂੰ ਆਪਣੀ ਮਨ-ਮਰਜੀ ਨਾਲ ਚਲਾਇਆ। ਮੋਦੀ-ਸ਼ਾਹ ਦੇ ਹਜਾਰਾਂ ਯਤਨਾਂ ਦੇ ਬਾਵਜੂਦ ਵੀ ਅਦਿਤਿਆ ਨਾਥ ਨੇ ਇਨ੍ਹਾਂ ਦੇ ਯੂ.ਪੀ. ਵਿੱਚ ਪੈਰ ਨਹੀ ਲੱਗਣ ਦਿੱਤੇ। ਦੂਜੇ ਪਾਸੇ ਮੋਦੀ-ਸ਼ਾਹ ਦੀ ਜੋੜੀ ਜਿਸ ਸਿਆਸੀ ਪਟੜੀ ਤੇ ਚੱਲ ਰਹੀ ਸੀ ਉਸ ਵਿੱਚ ਕੋਈ ਬਦਦਿਆਨਤਦਾਰੀ ਮਨਜੂਰ ਨਹੀ ਸੀ। ਇਹ ਦੋਵੇਂ ਨਹੀ ਚਾਹੁੰਦੇ ਕਿ ਸਰਕਾਰ ਜਾਂ ਪਾਰਟੀ ਵਿੱਚ ਇਨ੍ਹਾਂ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲਾ ਕੋਈ ਪੈਦਾ ਹੋਵੇ।

ਪਰ ਅਦਿਤਿਆਨਾਥ ਨੇ ਨਾ ਕੇਵਲ ਭਾਜਪਾ ਦੇ ਯੂਪੀ ਇਕਾਈ ਨੂੰ ਆਪਣੇ ਕਬਜੇ ਹੇਠ ਕਰ ਲਿਆ ਬਲਕਿ ਯੂਪੀ ਸਰਕਾਰ ਨੂੰ ਵੀ ਉਹ ਆਪਣੀ ਮਨਮਰਜੀ ਨਾਲ ਚਲਾਉਣ ਲੱਗੇ। ਆਪਣੇ ਲਈ ਪੈਦਾ ਹੋਈ ਚੁਣੌਤੀ ਨੂੰ ਭਾਂਪਦਿਆਂ ਮੋਦੀ-ਸ਼ਾਹ ਨੇ ਅਦਿਤਿਆਨਾਥ ਦੇ ਪਰ ਕੁਤਰਨ ਦੀ ਯੋਜਨਾ ਬਣਾਈ।

ਪਿਛਲੇ 15 ਦਿਨਾਂ ਤੋਂ ਮੋਦੀ-ਸ਼ਾਹ ਦੀ ਜੋੜੀ ਹਰ ਯਤਨ ਕਰ ਰਹੀ ਹੈ ਜਿਸ ਨਾਲ ਅਦਿਤਿਆਨਾਥ ਨੂੰ ਗੱਦੀ ਤੋਂ ਲਾਹਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਅਤੇ ਪਾਰਟੀ ਤੇ ਆਪਣਾਂ ਕਬਜਾ ਬਰਕਰਾਰ ਰੱਖ ਲਿਆ ਜਾਵੇ। ਪਰ ਅਦਿਤਿਆਨਾਥ ਇਨ੍ਹਾਂ ਦੋਵਾਂ ਨੂੰ ਸਵਾ-ਸੇਰ ਹੋਕੇ ਟੱਕਰ ਰਿਹਾ ਹੈੈ। ਉਸਨੇ ਮੋਦੀ-ਸ਼ਾਹ ਦੀ ਹਰ ਚਾਲ ਅਸਫਲ ਕਰਕੇ ਆਪਣਾਂ ਅਹੁਦਾ ਮਜਬੂਤ ਕਰ ਲਿਆ ਹੈੈੈ।