ਕੋਰੋਨਾ ਕੇਸ ਤਾਂ ਹੋ ਗਏ ਜ਼ੀਰੋ, ਪਰ ਕੀ ਹੁਣ ਖੁੱਲ੍ਹਣਗੇ ਪੰਜਾਬ 'ਚ ਸਕੂਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਹਰਿਆਣੇ ਤੋਂ ਪਹਿਲੋਂ ਪੰਜਾਬ ਦੇ ਅਧਿਆਪਕ ਮੰਗ ਕਰ ਰਹੇ ਸਨ ਕਿ ਬੱਚਿਆਂ ਵਾਸਤੇ ਵੀ ਸਕੂਲ ਖੋਲ੍ਹ ਦਿੱਤੇ ਜਾਣ ਤਾਂ, ਜੋ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ।

ਪਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਇਹ ਮੰਗ ਨੂੰ ਦਰਕਿਨਾਰ ਕਰਦਿਆਂ ਹੋਇਆ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਬੱਚਿਆਂ ਵਾਸਤੇ ਸਕੂਲ ਬਿਲਕੁਲ ਬੰਦ ਰਹਿਣਗੇ, ਜਦੋਂ ਤੱਕ ਕੋਰੋਨਾ ਖ਼ਤਮ ਨਹੀਂ ਹੁੰਦਾ, ਪਰ ਅਧਿਆਪਕ ਸਕੂਲਾਂ ਦੇ ਵਿੱਚ ਹਾਜ਼ਰੀ ਭਰਦੇ ਰਹਿਣਗੇ।

ਅਧਿਆਪਕਾਂ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੋ ਰੋਸ ਰਿਹਾ ਹੈ ਕਿ ਸਰਕਾਰ ਆਖਰ ਚਾਹੁੰਦੀ ਕੀ ਹੈ? ਕੋਰੋਨਾ ਕਾਰਨ ਅਧਿਆਪਕਾਂ ਨੂੰ ਮਾਰਨਾ ਜਾਂ ਫਿਰ ਬਿਨ੍ਹਾਂ ਪੜ੍ਹਾਈ ਤੋਂ ਬੱਚਿਆਂ ਦਾ ਨੁਕਸਾਨ ਕਰਵਾਉਣਾ?

ਅਧਿਆਪਕਾਂ ਦੀ ਮੰਗ ਨੂੰ ਹੁਣ ਤੱਕ ਬੂਰ ਨਹੀਂ ਪਿਆ ਅਤੇ ਸਰਕਾਰ ਨੇ ਸਕੂਲ ਖੋਲ੍ਹਣ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ। ਹਰਿਆਣੇ ਰਾਜ ਵਿੱਚ ਖੁੱਲ੍ਹੇ ਸਾਰੇ ਸਕੂਲਾਂ ਤੋਂ ਬਾਅਦ ਹੁਣ ਮੰਗ ਉੱਠਣ ਲੱਗੀ ਹੈ ਕਿ ਪੰਜਾਬ ਦੇ ਵੀ ਸਾਰੇ ਸਕੂਲ ਖੋਲ੍ਹ ਦਿੱਤੇ ਜਾਣ।

ਕਿਉਂਕਿ ਕੋਰੋਨਾ ਵਾਇਰਸ ਦੇ ਕੇਸ ਜ਼ੀਰੋ (0) ਦੇ ਬਰਾਬਰ ਹੋ ਚੁੱਕੇ ਹਨ। ਇਸੇ ਵਿੱਚ ਹੁਣ ਸਵਾਲ ਉਠਦਾ ਹੈ ਕਿ ਕੀ ਪੰਜਾਬ ਸਰਕਾਰ ਹਰਿਆਣੇ ਦੀ ਤਰਜ ਤੇ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਵੇਗੀ?

ਦੂਜੇ ਪਾਸੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਬੱਚਿਆਂ ਦੇ ਵਾਸਤੇ ਪੰਜਾਬ ਦੇ ਅੰਦਰ ਫਿਲਹਾਲ ਸਕੂਲ ਬੰਦ ਰਹਿਣਗੇ ਜਦੋਂਕਿ ਸਕੂਲ ਦਾ ਸਟਾਫ਼ ਸਕੂਲ ਆਉਂਦਾ ਰਹੇਗਾ।

ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਦੀ ਮੰਗ ਹੈ ਕਿ ਹਰਿਆਣਾ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਸਕੂਲ ਖੋਲ੍ਹਣ ਦਾ ਫ਼ੈਸਲਾ ਲੈ ਲੈਣਾ ਚਾਹੀਦਾ ਹੈ, ਕਿਉਂਕਿ ਵਿਦਿਆਰਥੀ ਆਨਲਾਈਨ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਕਰ ਪਾ ਰਹੇ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਸਰਕਾਰ ਸਕੂਲ ਖੋਲ੍ਹਣ ਦਾ ਫ਼ੈਸਲਾ ਜਲਦ ਲੈਂਦੀ ਹੈ ਜਾਂ ਨਹੀਂ। ‍