ਆਖ਼ਰ ਕਦੋਂ ਜੇਲ੍ਹਾਂ 'ਚ ਬੰਦ ਬੁੱਧੀਜੀਵੀ ਹੋਣਗੇ ਰਿਹਾਅ? (ਨਿਊਜ਼ਨੰਬਰ ਖ਼ਾਸ ਖ਼ਬਰ

ਭਾਰਤ ਦੇਸ਼ ਦੇ ਅੰਦਰ ਇਸ ਵੇਲੇ ਅਜਿਹੇ ਹਾਲਾਤ ਬਣੇ ਪਏ ਹਨ ਕਿ, ਜਿਹੜਾ ਵੀ ਨੌਜਵਾਨ ਜਾਂ ਫਿਰ ਵਿਦਿਆਰਥੀ, ਵਕੀਲ, ਪੱਤਰਕਾਰ, ਲਿਖਾਰੀ, ਕਵੀ, ਬੁੱਧੀਜੀਵੀ ਹੱਕਾਂ ਦੀ ਗੱਲ ਕਰਦਿਆਂ ਅਵਾਮ ਦੇ ਕੰਨਾਂ ਵਿੱਚ ਜਾਗਰੂਕਤਾ ਲੀਹ ਭਰਦਿਆਂ ਹੋਇਆ ਆਜ਼ਾਦ ਮੁਲਕ ਦੇ ਅੰਦਰ ਅਸਲ ਆਜ਼ਾਦੀ ਦਿਵਾਉਣ ਦੀ ਗੱਲ ਕਰਦਾ ਹੈ, ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ।

ਬਹੁਤ ਸਾਰੇ ਵਕੀਲ ਨੌਜਵਾਨ ਜਾਂ ਫਿਰ ਵਿਦਿਆਰਥੀ, ਵਕੀਲ, ਪੱਤਰਕਾਰ, ਲਿਖਾਰੀ, ਕਵੀ, ਬੁੱਧੀਜੀਵੀ ਅਤੇ ਕ੍ਰਾਂਤੀਕਾਰੀ ਲੋਕ ਹਾਲੇ ਵੀ ਸਲਾਖ਼ਾਂ ਪਿੱਛੇ ਇਸੇ ਕਰਕੇ ਬੰਦ ਹਨ, ਕਿਉਂਕਿ ਉਨ੍ਹਾਂ ਨੇ ਅਵਾਮ ਦੇ ਹੱਕਾਂ ਦੀ ਗੱਲ ਕੀਤੀ ਅਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਖੜ੍ਹੇ ਕੀਤੇ।

ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਵਾਮੀ ਆਖ਼ਰੀ ਦਮ ਤੱਕ ਜੂਝਦਿਆਂ ਸ਼ਹੀਦੀ ਜਾਮ ਪੀ ਗਏ। ਹੁਕਮਰਾਨਾਂ ਨੇ ਉਸ ਦਾ ਧੀਮੀ ਰਫ਼ਤਾਰ ਵਿਚ ਕਤਲ ਕੀਤਾ ਹੈ। ਮੁਲਕ ਦੀਆਂ ਸਾਰੀਆਂ ਜਮਹੂਰੀ ਤਾਕਤਾਂ ਲਈ ਇਹ ਗੰਭੀਰ ਚੁਨੌਤੀ ਹੈ। ਇਸ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਉਨ੍ਹਾਂ ਦੇਸ਼ ਦੇ ਸਮੂਹ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਵਕੀਲਾਂ, ਪੱਤਰਕਾਰਾਂ, ਕਵੀਆਂ, ਰੰਗਕਰਮੀਆਂ, ਤਰਕਸ਼ੀਲਾਂ ਅਤੇ ਜਮਹੂਰੀ ਹੱਕਾਂ ਦੇ ਕਾਮਿਆਂ ਨੂੰ ਥਾਂ-ਥਾਂ ਸਟੈਨ ਸਵਾਮੀ ਦੀ ਸ਼ਹਾਦਤ ਨੂੰ ਸਲਾਮ ਕਰਨ ਅਤੇ ਹਕੂਮਤ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਸਮਾਜਿਕ ਕਾਰਕੁੰਨਾਂ ਨੇ ਜੇਲ੍ਹੀਂ ਡੱਕੇ ਬੁੱਧੀਜੀਵੀ ਰਿਹਾਅ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪ੍ਰੋਫੈਸਰ ਜੀ ਐਨ ਸਾਈਂ ਬਾਬਾ ਅਤੇ ਹੋਰ ਕਈ ਬੁੱਧੀਜੀਵੀਆਂ ਦੀ ਸਿਹਤ ਚਿੰਤਾਜਨਕ ਹੈ।