ਸਟੈਨ ਸਵਾਮੀ ਦੀ ਮੌਤ ਦਾ ਜਿੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਵੇਰ ਦੇ ਸਾਢੇ 4 ਵੱਜੇ ਸਨ ਕਿ, ਹਸਪਤਾਲ ਵਿੱਚੋਂ ਇਹ ਖ਼ਬਰ ਆਈ ਕਿ ਸਟੈਨ ਸਵਾਮੀ ਨੂੰ ਦਿਲ ਦਾ ਦੌਰਾ ਪੈ ਗਿਆ ਹੈ। 5 ਜੁਲਾਈ 2021 ਦਿਨ ਸੋਮਵਾਰ ਦੀ ਦੁਪਹਿਰੇ ਡੇਢ ਕੁ ਵਜੇ ਡਾਕਟਰਾਂ ਨੇ ਸਟੈਨ ਸਵਾਮੀ ਨੂੰ ਮ੍ਰਿਤਕ ਐਲਾਨ ਦਿੱਤਾ। ਸਵਾਮੀ 84 ਵਰ੍ਹਿਆਂ ਦੇ ਸਨ, ਪਰ ਉਨ੍ਹਾਂ ਦਾ ਹੌਸਲਾ ਅਤੇ ਤਾਕਤ ਜਵਾਨਾਂ ਵਾਲੀ ਸੀ। ਐਲਗਰ ਪ੍ਰੀਸ਼ਦ-ਮਾਓਵਾਦੀ ਲਿੰਕ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਸਟੈਨ ਸਵਾਮੀ ਮੁੰਬਈ ਹਾਈਕੋਰਟ ਦੇ ਹੁਕਮਾਂ 'ਤੇ ਬਾਂਦਰਾ ਉਪ-ਨਗਰ ਦੇ ਹੋਲੀ ਫੈਮਿਲੀ ਹਸਪਤਾਲ ਵਿੱਚ ਜੇਰੇ ਇਲਾਜ ਸਨ।

ਹਾਲਤ ਨਾਜ਼ੁਕ ਹੋਣ ਕਰਕੇ ਉਹ ਵੈਂਟੀਲੇਟਰ ਸਪੋਰਟ 'ਤੇ ਸਨ। ਸਵਾਮੀ ਨੂੰ ਹਾਈਕੋਰਟ ਦੇ ਹੁਕਮਾਂ 'ਤੇ 29 ਮਈ ਨੂੰ ਤਾਲੋਜਾ ਜੇਲ੍ਹ ਤੋਂ ਨਿੱਜੀ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਸੀ, ਉਹ ਪਾਰਕਿਨਸਨ ਰੋਗ ਤੋਂ ਪੀੜਤ ਸਨ। ਹਸਪਤਾਲ ਦੇ ਡਾਇਰੈਕਟਰ ਡਾ. ਇਆਨ ਡਿਸੂਜਾ ਨੇ ਹਾਈਕੋਰਟ ਨੂੰ ਸਵਾਮੀ ਦੀ ਮੌਤ ਬਾਰੇ ਦੱਸਦਿਆਂ ਕਿਹਾ ਕਿ ਐਤਵਾਰ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਮਗਰੋਂ ਉਹ ਵੈਂਟੀਲੇਟਰ ਸਪੋਰਟ 'ਤੇ ਹੀ ਸਨ। ਸਟੈਨ ਸਵਾਮੀ ਦੇ ਵਕੀਲ ਮਿਹਰ ਦੇਸਾਈ ਨੇ ਤਾਲੋਜਾ ਜੇਲ੍ਹ ਪ੍ਰਸ਼ਾਸਨ 'ਤੇ ਅਣਗਹਿਲੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ, ਉਹ (ਜੇਲ੍ਹ ਪ੍ਰਸ਼ਾਸਨ) ਸਵਾਮੀ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਿਹਾ। 

ਆਦਿਵਾਸੀਆਂ ਦੇ ਹੱਕਾਂ ਲਈ ਸੰਘਰਸ਼ ਕਰਦਿਆਂ ਕਰਦਿਆਂ ਕਦੋਂ ਸਟੈਨ ਸਵਾਮੀ ਸਰਕਾਰ ਦੀ ਨਿਗਾਹ ਵਿੱਚ ਚੜ੍ਹ ਗਏ ਕਿਸੇ ਨੂੰ ਪਤਾ ਨਹੀਂ ਲੱਗਿਆ। ਸੰਘਰਸ਼ ਮਈ ਜ਼ਿੰਦਗੀ ਦੀ ਸ਼ੁਰੂਆਤ ਸਟੈਨ ਸਵਾਮੀ ਦੀ 1991 ਵਿੱਚ ਸ਼ੁਰੂ ਹੋਈ, ਜਦੋਂ ਉਨ੍ਹਾਂ ਨੇ ਆਦਿਵਾਸੀਆਂ ਦੇ ਅਧਿਕਾਰਾਂ ਲਈ ਸੰਘਰਸ਼ ਸ਼ੁਰੂ ਕਰਿਆ। ਤਾਮਿਲਨਾਡੂ ਵਿੱਚ ਜਨਮੇ ਫਾਦਰ ਸਟੈਨ ਸਵਾਮੀ ਦੇ ਪਿਤਾ ਇੱਕ ਕਿਸਾਨ ਸਨ ਅਤੇ ਉਨ੍ਹਾਂ ਦੀ ਮਾਂ ਗ੍ਰਹਿਣੀ (ਹਾਊਸ ਵਾਈਫ਼) ਸੀ।

ਉਨ੍ਹਾਂ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਬੈਂਗਲੁਰੂ ਵਿੱਚ ਹਾਸ਼ੀਏ 'ਤੇ ਮੌਜੂਦ ਭਾਈਚਾਰਿਆਂ ਦੇ ਨੇਤਾਵਾਂ ਦੀ ਟਰੇਨਿੰਗ ਲਈ ਇੱਕ ਸਕੂਲ ਚਲਾਇਆ। ਇਸ ਤੋਂ ਇਲਾਵਾ ਸਟੈਨ ਸਵਾਮੀ ਦੇ ਦੋਸਤ ਅਤੇ ਕਾਰਕੁਨ ਜ਼ੇਵੀਅਰ ਡਾਇਸ ਦੱਸਦੇ ਹਨ, ਉਨ੍ਹਾਂ ਲਈ ਕਿਸੇ ਵੀ ਚੀਜ਼ ਦੀ ਤੁਲਨਾ ਸਭ ਤੋਂ ਜ਼ਿਆਦਾ ਜ਼ਰੂਰੀ ਲੋਕ ਸਨ, ਉਨ੍ਹਾਂ ਨੇ ਲੋਕਾਂ ਦੀ ਸੇਵਾ ਲਈ ਚਰਚ ਦੀਆਂ ਮਾਨਤਾਵਾਂ ਦੀ ਵੀ ਪ੍ਰਵਾਹ ਨਾ ਕੀਤੀ। ਸਵਾਮੀ ਮ੍ਰਿਦਭਾਸ਼ੀ (ਯਾਨੀ ਕਿ ਨਰਮ ਬੋਲਣ ਵਾਲੇ) ਵਿਅਕਤੀ ਦੇ ਰੂਪ ਵਿੱਚ ਚਰਚਿਤ ਸਨ।