ਹੁਕਮਰਾਨਾਂ ਦੇ ਕਦੋਂ ਹੋਣਗੇ ਵਾਅਦੇ ਵਫ਼ਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਾਂਗਰਸ ਪਾਰਟੀ ਦੇ ਸੱਤਾ ਆਉਣ ਤੋਂ ਬਾਅਦ ਅਧਿਆਪਕਾਂ ਦਾ ਸੰਘਰਸ਼ ਉਸੇ ਤਰ੍ਹਾਂ ਹੀ ਜਾਰੀ ਰਿਹਾ ਜੋ ਅਕਾਲੀ-ਭਾਜਪਾ ਸਰਕਾਰ ਸਮੇਂ ਕੀਤਾ ਜਾ ਰਿਹਾ । ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਵੱਲੋਂ ਖੁਦ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਨੂੰ ਭਰੋਸਾ ਦਿੰਦੇ ਰਹੇ ਕਿ ਉਹ ਸੱਤਾ ਵਿੱਚ ਆਉਂਦਿਆਂ ਹੀ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨਗੇ, ਪਰ ਵਾਅਦਾ ਵਫ਼ਾ ਨਾ ਹੋਇਆ।

ਕੈਪਟਨ ਸਾਹਿਬ ਨੇ ਮੰਗਾਂ ਤਾਂ ਕੀ ਮੰਨਣੀਆਂ ਸਨ, ਪਰ ਉਨ੍ਹਾਂ ਨੂੰ ਦਰਸ਼ਨ ਵੀ ਨਹੀਂ ਦਿੱਤੇ। ਪੰਜਾਬ ਵਿੱਚ ਕਾਂਗਰਸ ਦਾ ਰਾਜਭਾਗ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਲਈ ਪੰਜਾਬ ਦੇ ਅਧਿਆਪਕ ਰੋਜ਼ ਸਰਕਾਰੀ ਡੰਡੇ ਦੀ ਮਾਰ ਤਾਂ ਝੱਲ ਰਹੇ ਹਨ, ਪਰ ਮੀਟਿੰਗ ਨਾ ਹੋ ਸਕੀ।

ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਲਈ ਕਰੀਬ 11 ਵਾਰ ਸਮਾਂ ਮਿਲਿਆ, ਜੋ ਸਿਰਫ ਇਕ ਵਾਰ ਹੀ ਪੂਰਾ ਹੋ ਸਕਿਆ। ਮੰਤਰੀ ਮੰਡਲ ਦੀ ਸਬ ਕਮੇਟੀ ਵੱਲੋਂ 2019 ਵਿੱਚ ਮੰਨੀਆਂ ਮੰਗਾਂ ਸਿੱਖਿਆ ਵਿਭਾਗ ਵਿੱਚ ਲਾਗੂ ਕਰਾਉਣ ਲਈ 2021 ਵਿੱਚ ਵੀ ਅਧਿਆਪਕ ਹੁਣ ਵੀ ਸੰਘਰਸ਼ ਕਰ ਰਹੇ ਹਨ। ਸਾਂਝਾ ਅਧਿਆਪਕ ਮੋਰਚਾ ਦੀ 25 ਜੂਨ ਨੂੰ ਮੁੱਖ ਸਕੱਤਰ ਸੁਰੇਸ਼ ਕੁਮਾਰ ਸਮੇਤ ਹੋਰ ਅਧਿਕਾਰੀਆਂ ਮੀਟਿੰਗ ਹੋਈ ਜਿਸ ਵਿੱਚ ਵੀ ਸਾਲ 2019 ਵਿੱਚ ਮੰਤਰੀਆਂ ਵੱਲੋਂ ਮੰਨੀਆਂ ਮੰਗਾਂ ਛੇਤੀ ਲਾਗੂ ਕਰਨ ਦਾ ਭਰੋਸਾ ਦਿੱਤਾ, ਪਰ ਅਜੇ ਤੱਕ ਪੂਰਾ ਨਹੀਂ ਹੋਇਆ।

ਅਧਿਆਪਕ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਦੋਂ ਕੋਈ ਮੀਟਿੰਗ ਦਿੱਤੀ ਜਾਂਦੀ ਤਾਂ ਉਹ ਡਿਪਟੀ ਕਮਿਸ਼ਨਰ ਦੇ ਦਸਤਖਤ ਵਾਲਾ ਪੱਤਰ ਲੈ ਕੇ ਮੁੱਖ ਮੰਤਰੀ ਦਫ਼ਤਰ ਪਹੁੰਚਦੇ ਤਾਂ ਦਫ਼ਤਰ ਵੱਲੋਂ ਕਿਹਾ ਜਾਂਦਾ ਕਿ ਮੁੱਖ ਮੰਤਰੀ ਨੇ ਕੋਈ ਸਮਾਂ ਨਹੀਂ ਦਿੱਤਾ, ਸਾਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ, ਖਾਲੀ ਹੱਥ ਵਾਪਸ ਮੁੜ ਜਾਂਦੇ। ਉਨ੍ਹਾਂ ਦੱਸਿਆ ਕਿ ਸਾਨੂੰ ਹੁਣ ਤੱਕ 11 ਵਾਰ ਮੀਟਿੰਗ ਦਾ ਸਮਾਂ ਦਿੱਤਾ ਗਿਆ, ਜਿਨ੍ਹਾਂ ਵਿਚ ਕੋਈ ਵੀ ਮੀਟਿੰਗ ਨਹੀਂ ਹੋ ਸਕੀ।  

ਮਿਲੀ ਜਾਣਕਾਰੀ ਅਨੁਸਾਰ ਹੁਣ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਜਥੇਬੰਦੀ ਨਾਲ ਮੁੱਖ ਮੰਤਰੀ ਦੀ ਮੀਟਿੰਗ ਦਾ ਸਮਾਂ ਨਾ ਦਿੱਤਾ ਜਾਵੇ। ਸਰਕਾਰ ਵੱਲੋਂ ਜਿਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕਰਵਾਈ ਜਾਂਦੀ ਹੈ, ਉਹ ਸਿਰਫ ਸੁਣ ਹੀ ਸਕਦੇ ਹਨ, ਪਰ ਉਹ ਮਸਲੇ ਹੱਲ ਕਰਨ ਦੀ ਹਿੰਮਤ ਨਹੀਂ ਵਿਖਾ ਰਹੇ।  ਸਾਂਝਾ ਅਧਿਆਪਕ ਮੋਰਚੇ ਵੱਲੋਂ 18 ਜੁਲਾਈ ਨੂੰ ਕੈਬਨਿਟ ਮੰਤਰੀਆਂ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਹੈ।