ਕੀ ਹੁਣ ਸਿੱਖਿਆ ਦੇਣ ਵਾਲੇ ਹੋ ਜਾਣਗੇ ਸੁਖੀ? (ਨਿਊਜ਼ਨੰਬਰ ਖ਼ਬਰ)

ਕੱਚੇ ਅਧਿਆਪਕਾਂ ਦੀ ਲੀਡਰਸ਼ਿਪ ਨੇ ਕੈਪਟਨ ਸਰਕਾਰ ਨਾਲ ਮੀਟਿੰਗ ਕਰਨ ਤੋਂ ਬਾਅਦ ਦੱਸਿਆ ਕਿ ਸਰਕਾਰ ਨੇ ਭਰਤੀ ਲਈ ਤਜ਼ਰਬੇ ਦਾ ਲਾਭ ਦੇਣ ਦੀ ਮੰਗ ਮੰਨੀ ਹੈ। ਪੰਜਾਬ ਸਰਕਾਰ ਨੇ ਅਗਲੇ ਬੁੱਧਵਾਰ ਕੈਬਨਿਟ ਮੀਟਿੰਗ ਵਿਚ ਮੰਗਾਂ ਨੂੰ ਪ੍ਰਵਾਨਗੀ ਦੇਣ ਦਾ ਭਰੋਸਾ ਦਿੱਤਾ ਹੈ। 

ਇਸ ਦੌਰਾਨ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕੱਚੇ ਅਧਿਆਪਕਾਂ ਅਤੇ ਈਟੀਟੀ ਟੈਟ ਪਾਸ ਅਧਿਆਪਕਾਂ ਨਾਲ ਮੀਟਿੰਗ ਹੋਈ ਸੀ ਅਤੇ ਉਨ੍ਹਾਂ ਨੇ ਜੋ ਵੀ ਆਪਣੀ ਮੰਗਾਂ ਦੱਸੀਆਂ ਸੀ, ਅਸੀਂ ਮਨਜ਼ੂਰੀ ਦੇ ਲਈ ਪਸਤਾਵ ਰੱਖਿਆ ਹੈ।

ਹੁਣ ਈਟੀਟੀ ਟੈਟ ਪਾਸ ਯੂਨੀਅਨ ਤਜਵੀਜ਼ ਨੂੰ ਮੰਨਣ ਜਾਂ ਨਾ ਮੰਨਣ ਬਾਰੇ ਫੈਸਲਾ ਲਵੇਗੀ। ਅਧਿਆਪਕ ਯੂਨੀਅਨ ਆਗੂਆਂ ਨੇ ਕਿਹਾ ਕਿ ਕੱਚੇ ਅਧਿਆਪਕਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਨੇ ਸਹਿਮਤੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਸਹਿਮਤੀ ਹੋ ਗਈ, ਪਰ ਜਿਨ੍ਹਾਂ ਕੋਲ ਯੋਗਤਾ ਪੁਰੀ ਨਹੀਂ ਉਨ੍ਹਾਂ ਦੀਆਂ ਤਨਖਾਹਾਂ ਵਧਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਅਗਲੇ ਬੁੱਧਵਾਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਬਾਰੇ ਮਤਾ ਲਿਆਵੇਗੀ, ਜਿਸ ਬਾਰੇ ਵਫਦ ਨੂੰ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਸੰਘਰਸ਼ ਲਗਾਤਾਰ ਜਾਰੀ ਰਹੇਗਾ।

ਕੱਚੇ ਅਧਿਆਪਕਾਂ ਦਾ ਪਿਛਲੇ 22 ਦਿਨਾਂ ਸਿੱਖਿਆ ਭਵਨ ਮੋਹਾਲੀ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਹੈ। ਸੰਘਰਸ਼ ਦੌਰਾਨ ਅਧਿਆਪਕਾਂ ਨੇ 2 ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਜਾਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। 

ਦੂਜੇ ਪਾਸੇ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਹੈ ਅਤੇ 1 ਬੇਰੁਜ਼ਗਾਰ ਅਧਿਆਪਕ ਟਾਵਰ ‘ਤੇ ਚੜ੍ਹਿਆ ਹੋਇਆ ਹੈ।