ਗੁਜ਼ਾਰੇ ਭੱਤੇ ਦੀ ਮੰਗ ਕਰਨ ਵਾਲੇ ਕੱਚੇ ਅਧਿਆਪਕਾਂ ਡੰਡੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਲੰਮੇ ਸਮੇਂ ਤੋਂ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਈਜੀਐਸ, ਐਸਟੀਆਰ, ਏਆਈਈ, ਆਈਈਵੀ ਅਤੇ ਸਿੱਖਿਆ ਪ੍ਰੋਵਾਈਡਰ ਪੱਕੇ ਹੋਣ ਦੇ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਦੀਆਂ ਇਨ੍ਹਾਂ ਵਲੰਟੀਅਰਾਂ ਦੀਆਂ ਮੰਗਾਂ ਨੂੰ ਵਿਸਾਰਿਆ ਜਾ ਰਿਹਾ ਹੈ। ਲੰਘੇ ਕੱਲ੍ਹ 6 ਜੂਨ ਦੀ ਮੀਟਿੰਗ ਦਾ ਵਾਅਦਾ ਕਰਕੇ ਸਿੱਖਿਆ ਮੰਤਰੀ ਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਭੱਜ ਗਏ।

ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਕੱਚੇ ਅਧਿਆਪਕਾਂ ਨੇ ਮੋਹਾਲੀ ਬੈਰੀਕੇਡ ਤੋੜਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧੇ, ਪਰ ਰਸਤੇ ਵਿੱਚ ਕੱਚੇ ਅਧਿਆਪਕਾਂ ਨੂੰ ਚੰਡੀਗੜ੍ਹ ਪੁਲਸ ਨੇ ਘੇਰ ਲਿਆ ਅਤੇ ਕੱਚੇ ਅਧਿਆਪਕਾਂ ਉਪਰ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਕੀਤਾ।

ਕੱਲ੍ਹ ਦੀ ਮੀਟਿੰਗ ਰੱਦ ਹੋਣ ਤੋਂ ਬਾਅਦ ਦੇਰ ਸ਼ਾਮ ਪੰਜਾਬ ਸਰਕਾਰ ਦੁਆਰਾ ਇੱਕ ਪੱਤਰ ਜਾਰੀ ਕਰਕੇ ਕਿਹਾ ਗਿਆ ਕਿ, 7 ਜੂਨ 2021 ਯਾਨੀਕਿ ਅੱਜ ਬੁੱਧਵਾਰ ਨੂੰ ਦੁਪਹਿਰੇ ਸਾਢੇ 12 ਵਜੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਦੀ ਅਗਵਾਈ ਵਿੱਚ ਈਜੀਐਸ, ਐਸਟੀਆਰ, ਏਆਈਈ, ਆਈਈਵੀ ਵਲੰਟੀਅਰਾਂ ਅਤੇ ਸਿੱਖਿਆ ਪ੍ਰੋਵਾਈਡਰ ਦੀਆਂ ਮੰਗਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਵਿੱਤ ਮੰਤਰੀ ਤੋਂ ਇਲਾਵਾ ਸਿੱਖਿਆ ਮੰਤਰੀ, ਮੁੱਖ ਪ੍ਰਮੁੱਖ ਸਕੱਤਰ ਪੰਜਾਬ, ਪ੍ਰਮੁੱਖ ਸਕੱਤਰ ਵਿੱਤ, ਸਕੱਤਰ ਪੋਲੀਟੀਕਲ ਮੁੱਖ ਮੰਤਰੀ ਪੰਜਾਬ ਹਾਜ਼ਰ ਰਹਿਣਗੇ।

ਦੇਖਣਾ ਹੁਣ ਇਹ ਹੋਵੇਗਾ ਕਿ ਅੱਜ ਦੀ ਮੀਟਿੰਗ ਵਿੱਚ ਕੱਚੇ ਅਧਿਆਪਕਾਂ ਪੱਲੇ ਕੁੱਝ ਪੈਂਦਾ ਹੈ ਜਾਂ ਨਹੀਂ, ਜਾਂ ਫਿਰ ਕੱਚੇ ਅਧਿਆਪਕਾਂ ਦਾ ਸੰਘਰਸ਼ ਚੱਲਦਾ ਰਹੇਗਾ? ਇਹ ਤਾਂ ਵਿੱਤ ਮੰਤਰੀ ਦੀ ਸਾਢੇ 12 ਵਜੇ ਹੋਣ ਵਾਲੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਕਿ ਕੱਚੇ ਅਧਿਆਪਕ ਆਪਣੇ ਸੰਘਰਸ਼ ਸਬੰਧੀ ਕੀ ਫ਼ੈਸਲਾ ਲੈਂਦੇ ਹਨ।