ਸੜਕਾਂ 'ਤੇ ਰੁਲਦੇ ਕੱਚੇ ਅਧਿਆਪਕਾਂ ਦੀ ਕੌਣ ਸੁਣੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕੱਚੇ ਅਧਿਆਪਕ ਅਤੇ ਬੇਰੁਜ਼ਾਗਰ ਅਧਿਆਪਕ ਯੂਨੀਅਨ ਦੀ ਅੱਜ ਸਰਕਾਰ ਨਾਲ ਪੈਨਲ ਮੀਟਿੰਗ ਹੋਵੇਗੀ। ਸਰਕਾਰ ਵੱਲੋਂ ਕੱਚੇ ਅਧਿਆਪਕ ਯੂਨੀਅਨ ਅਤੇ ਬੇਰੁਜ਼ਾਗਰ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਨਾਲ ਵੱਖਰੀਆਂ-ਵੱਖਰੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।

ਪੱਕੇ ਹੋਣ ਦੀ ਮੰਗ ਨੂੰ ਲੈ ਕੇ ਕੱਚੇ ਅਧਿਆਪਕ ਪਿਛਲੇ 21 ਦਿਨਾਂ ਤੋਂ ਸਿੱਖਿਆ ਭਵਨ ਅੱਗੇ ਪੱਕਾ ਧਰਨਾ ਦੇ ਰਹੇ ਹਨ, ਜਦੋਂ ਕਿ 3 ਅਧਿਆਪਕ ਸਿੱਖਿਆ ਭਵਨ ਦੀ ਛੱਤ ਉਤੇ ਚੜ੍ਹੇ ਹੋਏ ਹਨ। ਪਿਛਲੇ ਸਮੇਂ ਦੌਰਾਨ ਸਰਕਾਰ ਨਾਲ ਕਈ ਵਾਰ ਮੀਟਿੰਗ ਹੋਈ, ਪਰ ਕੋਈ ਹੱਲ ਨਹੀਂ ਨਿਕਲਿਆ। ਅੱਜ ਫਿਰ ਸਰਕਾਰ ਨਾਲ ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਹੋਵੇਗੀ। ਦੂਜੇ ਪਾਸੇ ਅੱਜ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਅਧਿਆਪਕ ਅੱਜ ਮੋਹਾਲੀ ਪਹੁੰਚ ਰਹੇ ਹਨ।

ਬੇਰੁਜ਼ਾਗਰ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਅੱਜ ਪੈਨਲ ਮੀਟਿੰਗ ਹੋਵੇਗੀ। ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ਸੰਗਰੂਰ ਵਿੱਖੇ ਪੱਕਾ ਧਰਨਾ ਦਿੰਦਿਆਂ ਨੂੰ 6 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਮੰਗਾਂ ਨੂੰ ਲੈ ਕੇ ਇਕ ਬੇਰੁਜ਼ਗਾਰ ਅਧਿਆਪਕ ਸੁਰਿੰਦਰਪਾਲ ਸਿੰਘ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਟਾਵਰ ਉਤੇ ਚੜ੍ਹਿਆ 108 ਦਿਨ ਹੋ ਗਏ ਹਨ।

ਪਿਛਲੇ ਦਿਨੀਂ ਸਿੱਖਿਆ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਵਿੱਚ ਸਰਕਾਰ ਵੱਲੋਂ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪਹਿਲਾਂ ਟਾਵਰ ਉਤੇ ਚੜ੍ਹੇ ਸੁਰਿੰਦਰਪਾਲ ਨੂੰ ਹੇਠਾਂ ਉਤਾਰ ਲਓ ਅਸੀਂ ਉਸੇ ਦਿਨ ਹੀ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਵਾਂਗੇ। ਸੰਘਰਸ਼ਕਾਰੀ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਸਿੱਖਿਆ ਮੰਤਰੀ ਪਹਿਲਾਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਲਿਖਤੀ ਹੱਲ ਕਰਨ ਤਾਂ ਹੀ ਮੈਂ ਨੀਚੇ ਆਵਾਂਗਾ ਜਦੋਂ ਤੱਕ ਲਿਖਤੀ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਡਟਿਆ ਰਹਾਂਗਾ।