ਅਧਿਆਪਕ ਹੁਣ ਸੜਕਾਂ 'ਤੇ ਫੇਸਬੁੱਕ ਲਾਈਕ ਵੀ ਮੰਗਦੇ ਨੇਂ (ਵਿਅੰਗ)

ਚੰਗੀ ਚੀਜ਼ ਨੂੰ ਹਰ ਕੋਈ ਪਸੰਦ ਕਰਦੈ ਅਤੇ ਮਾੜੀ ਚੀਜ਼ ਨੂੰ ਹਰ ਕੋਈ ਦਰਕਿਨਾਰ ਕਰਦੈ। ਪਰ ਸਿੱਖਿਆ ਵਿਭਾਗ ਵਿੱਚ ਇਸ ਦੇ ਉਲਟ ਕੰਮ ਚੱਲ ਰਿਹੈ। ਸਿੱਖਿਆ ਵਿਭਾਗ ਕੰਮ ਤਾਂ ਕੋਈ ਚੱਜ ਦਾ ਕਰ ਨਹੀਂ ਰਿਹਾ, ਪਰ ਅਧਿਆਪਕਾਂ ਨੂੰ ਫੇਸਬੁੱਕ ਪੰਨਾ ਪਸੰਦ, ਮਤਲਬ ਕਿ ‘ਲਾਈਕ’ ਕਰਵਾਉਣ ਲਈ ਕਹਿ ਰਿਹਾ।

ਕਈ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰ ਤਾਂ ਅਧਿਆਪਕਾਂ ਨੂੰ ਇਹ ਕਹਿੰਦੇ ਵੀ ਸੁਣੇ ਜਾ ਰਹੇ ਹਨ ਕਿ, ਜਾਓ ਸੜਕਾਂ ‘ਤੇ, ਪਾਰਕਾਂ ਵਿੱਚ ਜਾਂ ਫਿਰ ਗਲੀਆਂ ਮੁਹੱਲਿਆਂ ਵਿੱਚ ਅਤੇ ਕਰਵਾਓ ਫੇਸਬੁੱਕ ਪੰਨਾ ਲਾਈਕ! ਸੜਕਾਂ ‘ਤੇ ਰੋਕ ਰੋਕ ਕੇ ਲੋਕਾਂ ਨੂੰ ਫੇਸਬੁੱਕ ਪੰਨਾ ਲਾਈਕ ਕਰਨ ਲਈ ਆਖੋ ਅਤੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਬਾਰੇ ਦੱਸੋ।

ਹੁਣ, ਆਹ ਜਿਹੜੇ ਤਾਨਾਸ਼ਾਹੀ ਹੁਕਮ ਕਈ ਸਿੱਖਿਆ ਅਫ਼ਸਰ ਅਧਿਆਪਕਾਂ ਨਾਲ ਜ਼ੂਮ ਮੀਟਿੰਗਾਂ ਕਰਕੇ ਅਤੇ ਵਟਸਐਪ ਗਰੁੱਪਾਂ ਰਾਹੀਂ ਦੇ ਰਹੇ ਹਨ, ਉਨ੍ਹਾਂ ਨੂੰ ਥੋੜ੍ਹੀ ਕੁ ਸ਼ਰਮ ਆਉਣੀ ਚਾਹੀਦੀ ਹੈ, ਜੇਕਰ ਵਿਭਾਗ ਚੱਜ ਦੇ ਕੰਮ ਕਰੇ ਅਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਦਿਆਂ ਹੋਇਆ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੇ ਵਿੱਚ ਸਮਾਂ ਬਿਤਾਉਂਦਾ ਹੋਵੇ ਤਾਂ, ਕਦੇ ਵੀ ਮਿੰਨਤਾਂ ਤਰਲੇ ਕਰ ਕੇ ਫੇਸਬੁੱਕ ਲਾਈਕ ਕਰਵਾਉਣ ਲਈ ਕਿਸੇ ਨੂੰ ਨਾ ਕਹਿਣਾ ਪਵੇ।

ਖ਼ੈਰ, ਫੇਸਬੁੱਕ ਕੌਣ ਨਹੀਂ ਵਰਤ ਸਕਦਾ ਅਤੇ ਕੌਣ ਵਰਤ ਸਕਦਾ ਹੈ, ਇਹਦੇ ਬਾਰੇ ਸਭ ਨੂੰ ਪਤਾ ਹੈ। 18 ਸਾਲ ਤੋਂ ਉੱਪਰ ਉਮਰ ਦੇ ਬੱਚੇ ਦਾ ਫੇਸਬੁੱਕ ਅਕਾਊਟ ਬਣਦਾ ਹੈ। ਪਰ ਜਿਸ ਤਰੀਕੇ ਦੇ ਨਾਲ ਸਿੱਖਿਆ ਵਿੱਚ ਸਿਰਫ਼ ਫੇਸਬੁੱਕੀ ਗਿਆਨ ਜ਼ਰੀਏ ਨਿਖਾਰ ਲਿਆਉਣ ਲਈ ਸਿੱਖਿਆ ਵਿਭਾਗ ਦੇ ਕੁੱਝ ਅਧਿਕਾਰੀਆਂ ਨੇ 18 ਸਾਲਾਂ ਤੋਂ ਨਿੱਕੇ ਬੱਚਿਆਂ ਦੇ ਹੱਥ ਮੋਬਾਈਲ ਫ਼ੋਨ ਫੜ੍ਹਾ ਕੇ, ਉਨ੍ਹਾਂ ਨੂੰ ਫੇਸਬੁੱਕ ਆਈ.ਡੀ. ਬਣਾਉਣ ਦੇ ਲਈ ਕਹਿ ਦਿੱਤਾ ਹੋਇਆ ਹੈ। 

ਉਹਦੇ ਤੋਂ ਸਿੱਧੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ, ਇੱਕ ਮੁਕੱਦਮਾ ਸਿੱਖਿਆ ਵਿਭਾਗ ‘ਤੇ ਵੀ ਦਰਜ ਹੋਣਾ ਚਾਹੀਦਾ ਹੈ, ਜਿਹੜਾ ਜਵਾਕਾਂ ਨੂੰ ਫੇਸਬੁੱਕ ਚਲਾਉਣ ਲਈ ਮਜਬੂਰ ਕਰ ਰਿਹਾ ਹੈ। ਖ਼ੈਰ, ਵਿਭਾਗ ਖ਼ਿਲਾਫ਼ ਨਾ ਕੋਈ ਸ਼ਿਕਾਇਤ ਦਰਜ ਕਰਵਾਏਗਾ ਅਤੇ ਨਾ ਹੀ ਕੋਈ ਮੁਕੱਦਮਾ ਦਰਜ ਕਰਵਾਏਗਾ, ਕਿਉਂਕਿ ਸਭ ਮਿਲੇ ਹੋਏ ਨੇ।