ਭੁੱਖਮਰੀ 'ਚ ਹੋਰ ਕਿਹੜੀ ਉਚਾਈ ਛੂਹੇਗਾ ਭਾਰਤ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਤੱਕ ਅਸੀਂ ਦੇਸ਼ ਦੇ ਆਮ, ਗਰੀਬੀ ਦੀ ਮਾਰ ਸਹਿ ਰਹੇ ਵਰਗ ਨੂੰ ਦੋ ਵਕਤ ਦੀ ਰੋਟੀ ਦੇਣ ਦੇ ਕਾਬਿਲ ਨਹੀਂ ਹੋ ਸਕੇ। 107 ਦੇਸ਼ਾਂ ਦੀ ਸੂਚੀ ‘ਚੋਂ 94 ਨੰਬਰ ਤੇ ਭਾਰਤ ਦਾ ਆਉਣਾ ਹੀ ਇਹ ਸਾਬਿਤ ਕਰਦਾ ਹੈ ਕਿ ਜ਼ਿਆਦਾਤਰ ਆਮ ਭਾਰਤੀ ਲੋਕ ਇੱਕ ਡੰਗ ਦੀ ਰੋਟੀ ਦਾ ਪ੍ਰਬੰਧ ਕਰਨ ਦੇ ਕਾਬਿਲ ਵੀ ਨਹੀਂ ਹਨ। ਆਪਣੀ ਪੇਟ ਦੀ ਭੁੱਖ ਮਿਟਾਉਣ ਲਈ ਗਰੀਬ ਮਜ਼ਦੂਰ ਵਰਗ ਨੂੰ ਦੂਰਦਰਾਂਡੇ ਦੇ ਸ਼ਹਿਰਾਂ ਵੱਲ ਨੂੰ ਪਲਾਇਣ ਕਰਨਾ ਪਿਆ ਅਤੇ ਪੈ ਰਿਹਾ ਹੈ।

ਇਸ ਇੱਕ ਮੁੱਖ ਕਾਰਨ ਇਹ ਹੈ ਕਿ ਭਾਰਤ ਪਿੰਡਾਂ ਦਾ ਦੇਸ਼ ਹੈ ਅਤੇ ਭਾਰਤ ਦੀ ਜ਼ਿਆਦਾਤਰ ਪੇਂਡੂ ਅਬਾਦੀ ਖੇਤੀ ਖੇਤਰ ‘ਤੇ ਨਿਰਭਰ ਕਰਦੀ ਹੈ। ਆਧੁਨਿਕ ਢੰਗਾਂ ਤਕਨੀਕਾਂ ਦੀ ਆਮਦ ਨਾਲ ਖੇਤੀ ਸੈਕਟਰ ਹੁਣ ਪਹਿਲਾਂ ਜਿੰਨੀ ਵਸੋਂ ਨੂੰ ਰੋਟੀ / ਰੁਜ਼ਗਾਰ ਪ੍ਰਦਾਨ ਨਹੀ ਕਰ ਸਕਦਾ, ਜਿਸਦਾ ਨਤੀਜਾ ਪਰਵਾਸ ਦੇ ਰੂਪ ‘ਚ ਸਾਡੇ ਸਾਹਮਣੇ ਹੈ।

ਸ਼ਹਿਰਾਂ ਵੱਲ ਨੂੰ ਪਲਾਇਣ ਇਹ ਖੇਤ ਮਜ਼ਦੂਰ ਕਾਰਖ਼ਾਨਿਆਂ, ਫੈਕਟਰੀਆਂ ਆਦਿ ਕੰਮ ਕਰਨ ਲਈ ਮਜ਼ਬੂਰ ਹੁੰਦੇ ਹਨ। ਸਭ ਤੋਂ ਵੱਡੀ ਸਮੱਸਿਆ ਇਹਨਾਂ ਨੂੰ ਆਪਣੇ ਘਰਪਰਿਵਾਰ ਦੀ ਆਉਂਦੀ ਹੈ,ਸ਼ਹਿਰ ‘ਚ ਆਉਣ ਕਰਕੇ ਕੰਮ ਮਿਲਣ ਕਰਕੇ ਉਹਨਾਂ ਨੂੰ ਘਰ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪੈਂਦਾ ਹੈ।ਨਤੀਜੇ ਵਜੋਂ ਸ਼ਹਿਰਾਂ ਦੇ ਬਾਹਰ ਝੁੱਗੀਆਂਝੋਪੜੀਆਂ ਉਸਾਰਨੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਹੜੀਆਂ ਸਮੇਂ ਦੇ ਚੱਕਰ / ਬੀਤਣ ਨਾਲ ਗੰਦੀਆਂ ਬਸਤੀਆਂ/ ਦਾ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ।

ਜਿਨ੍ਹਾਂ ‘ਚ ਨਾਂ ਤਾਂ ਪੀਣ ਵਾਲੇ ਪਾਣੀ ਦੀ ਯੋਗ ਵਿਵਸਥਾ ਹੁੰਦੀ ਹੈ ਅਤੇ ਨਾਂ ਹੀ ਬਿਮਾਰੀਆਂ ਤੋਂ ਬਚਾਅ ਦੇ ਉਪਾਅ ਹੁੰਦੇ ਹਨ।ਇਸ ਤੋਂ ਇਲਾਵਾ ਇਹ ਬਸਤੀਆਂ ਸ਼ਹਿਰਾਂ / ਮਹਾਂਨਗਰਾਂ ਦੀ ਸੁੰਦਰਤਾਂ ਨੂੰ ਗ੍ਰਹਿਣ ਜਰੂਰ ਲਗਾਉਦੀਆਂ ਹਨ,ਤਾਂ ਹੀ ਇਹਨਾਂ ਗੰਦੀਆਂ ਬਸਤੀਆਂ ਨੂੰ ਵਿਦੇਸ਼ੀ ਮਹਿਮਾਨਾਂ ਦੀਆਂ ਅੱਖਾਂ ਤੋਂ ਉਹਲੇ ਕਰਨ ਲਈ ਇਹਨਾਂ ਦੁਆਲੇ ਕੰਧਾਂ ਖੜੀਆਂ ਕੀਤੀਆਂ ਜਾਂਦੀਆਂ ਹਨ,ਬਜਾਇ ਇਸ ਦੇ ਕਿ ਇੱਥੇ ਰਹਿੰਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਸਮਾਜਿਕ ਬਰਾਬਰੀ ਦਾ ਹੱਕ ਦਵਾਉਣ ਦੇ।

ਦੇਸ਼ ਵਿੱਚ ਕਰੋਨਾ ਮਹਾਂਮਾਰੀ ਦੇ ਫੈਲਣ ਨਾਲ ਹਾਲਾਤ ਜਿਸ ਕਦਰ ਵਿਗੜ ਰਹੇ ਹਨ , ਮਜ਼ਦੂਰ ਵਰਗ ਦੀਆਂ ਪ੍ਰੇਸ਼ਾਨੀਆਂ ਵੀ ਦਿਨੋਂ ਦਿਨ ਵਧ ਰਹੀਆ ਹਨ।ਇੱਕ ਪਾਸੇ ਮੋਦੀ ਸਰਕਾਰ ਆਪਣੇ ਆਪ ਨੂੰ ਆਮ ਕਿਰਤੀ ਮਜ਼ਦੂਰਾਂ ਦੀ ਪਾਰਟੀ ਅਖਵਾ ਰਹੀ ਹੈ ਅਤੇ ਦੂਜੇ ਪਾਸੇ ਨਿੱਤ ਨਵੀਆਂ ਮਜ਼ਦੂਰ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਮੋਦੀ ਸਰਕਾਰ ਦੁਆਰਾ ਕਰੋਨਾ ਦੀ ਆੜ ਹੇਠ ਕਿਰਤੀ ਕਾਨੂੰਨਾਂ ਦਾ ਭੋਗ ਪਾ ਕੇ ਚਾਰ ਨਵੇ ਕਿਰਤੀ ਕੋਡ ਲਾਗੂ ਕਰਨਾ ਇਸਦੇ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਪੇਸ਼ ਕਰਦਾ ਹੈ।

ਇਨ੍ਹਾਂ ਕੋਡਾਂ ਨਾਲ ਕਿਰਤੀ ਮਜ਼ਦੂਰ ਵਰਗ ਦੀਆਂ ਪ੍ਰੇਸ਼ਾਨੀਆਂ ‘ਚ ਬੇਤਹਾਸ਼ਾ ਵਾਧਾ ਹੋਇਆ ਹੈ।ਇੱਕ ਪਾਸੇ ਦੇਸ਼ ‘ਚ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ ਦੇਸ਼ ਦੀ ਜਨਤਾ ਕੋਲ ਰੁਜ਼ਗਾਰ ਦੇ ਕੋਈ ਸਾਧਨ ਨਹੀ ਹਨ। ਪਰ ਕੇਂਦਰ ਦੀ ਸਰਕਾਰ ਲੋਕਾਂ ਨੂੰ ਕੁਝ ਰਾਹਤ ਦੇਣ ਦੀ ਬਜਾਇ ਕਰਜ਼ਿਆਂ ਦੇ ਪੈਕੇਜ਼ ਦੇ ਰਹੀ ਹੈ। ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦਾ ਮੁਢਲਾ ਫ਼ਰਜ਼ ਦੇਸ਼ ਵਾਸੀਆਂ ਨੂੰ ਸਿੱਖਿਆ ,ਸਿਹਤ ਸੇਵਾਵਾਂ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੁੰਦਾ ਹੈ। ਪਰ ਕੇਂਦਰ ਦੀ ਬੀਜੇਪੀ ਸਰਕਾਰ ਆਪਣੇ ਆਗੂ ਨੇਤਾ ਦਾ ਅਕਸ ਬਚਾਉਣ ਲਈ ਆਪ ਹੁਦਰੀਆਂ ਕਰ ਰਹੀ ਹੈ।