ਵਿਸ਼ਵ ਗੁਰੂ ਭਾਰਤ 'ਚ ਕਿਰਤੀ ਦੀ ਹਾਲਤ (ਨਿਊਜ਼ਨੰਬਰ ਖ਼ਾਸ ਖ਼ਬਰ)

ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ‘ਤੇ ਅਸੀ ਭਾਰਤ ਨੂੰ ਵਿਸ਼ਵਗੁਰੂ ਦਾ ਤਖੱਲਸ ਆਪੂ ਹੀ ਬਖਸ਼ ਦਿੱਤਾ ਹੈ।ਚਾਹੇ ਦੇਸ਼ ਦੇ ਵਸਨੀਕ ਬਿਮਾਰੀਆਂ ਨਾਲ ਮਰ ਰਹੇ ਹੋਣ ਜਾਂ ਆਕਸੀਜਨ ਦੀ ਘਾਟ ਨਾਲ, ਜਾਂ ਫਿਰ ਸਭ ਤੋਂ ਖਤਰਨਾਕ ਬਿਮਾਰੀ , ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹੋਣ , ਪਰ ਅਸੀਂ ਭਾਰਤ ਨੂੰ ਵਿਸ਼ਵ ਗੁਰੂ ਬਣਾ ਕੇ ਹੀ ਦਮ ਲੈਣਾ ਹੈ।

ਕਿਉਂਕਿ ਕੋਈ ਵੀ ਪਦਵੀ/ ਅਹੁਦਾ ਹਾਸਲ ਕਰਨ ਲਈ ਕੋਈਨਾਕੋਈ ਕੀਮਤ ਤਾਂ ਤਾਰਨੀ ਹੀ ਪੈਣੀ ਹੈ, ਉਹ ਚਾਹੇ ਆਮ ਵਿਅਕਤੀ ਦੀ ਜ਼ਿੰਦਗੀ ਹੀ ਕਿਉਂ ਨਾ ਹੋਵੇ। ਮਜ਼ਦੂਰ ਵਰਗ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਇਹ ਵਰਗ ਹੁਣ ਤੱਕ ਆਪਣੇ ਪੈਸੇ ‘ਤੇ ਖੜੇ ਹੋਣ ਦੇ ਕਾਬਲ ਨਹੀ ਹੋ ਸਕਿਆ, ਸਭ ਤੋਂ ਵੱਡਾ ਕਾਰਨ ਇਸਦਾ ਅਨਪੜ੍ਹਤਾ ਅਤੇ ਜਾਣਕਾਰੀ ਦੀ ਘਾਟ ਹੈ।

ਰਿਆਸਤ ਸਟੇਟ ਦੀਆਂ ਰਾਜ ਕਰਦੀਆਂ ਧਿਰਾਂ ਕਦੇ ਨਹੀਂ ਚਾਹੁੰਦੀਆਂ ਕਿ ਕਿਰਤੀ ਮਜ਼ਦੂਰ ਵਰਗ ਨੂੰ ਕੁਝ ਸੋਝੀ ਹਾਸਲ ਹੋਵੇ, ਕਿਉਂਕਿ ਰਾਜਨੀਤਕ ਵਪਾਰਕ ਬਿਰਤੀ ਵਾਲੀਆ ਧਿਰਾਂ ਨੂੰ ਸਿਰਫ਼ ਜੀ ਹਜੂਰੀਏ ਕਾਮੇ ਹੀ ਚਾਹੀਦੇ ਹਨ, ਜੋ ਉਹਨਾਂ ਲਈ ਸਦਾ ਸਿਰ ਝੁਕਾ ਕੇ ਕੰਮ ਕਰਦੇ ਰਹਿਣ ਅਤੇ ਆਪਣੀ ਭਲਾਈ/ ਹੱਕਾਂ ਲਈ ਕੁਝ ਵੀ ਹਾਸਿਲ ਕਰਨ ਤੋਂ ਪਹਿਲਾ ਸੋਸੋ ਵਾਰ ਸੋਚਣ।

ਤਾਲਾਬੰਦੀ ਨੇ ਇਸ ਸਭ ਦੇ ਪ੍ਰਤੱਖ ਦਰਸ਼ਨ ਸਾਨੂੰ ਸਾਰਿਆ ਨੂੰ ਕਰਵਾ ਦਿੱਤੇ ਹਨ, ਸਾਲਾਂ ਦਹਾਕਿਆਂ ਤੋਂ ਕਿਸੇ ਕਾਰਖਾਨੇ, ਫੈਕਟਰੀ ਆਦਿ ‘ਚ ਕੰਮ ਕਰਦੇ ਮਜ਼ਦੂਰ ਵਰਗ ਨੂੰ ਦੇਸ਼ ਦੇ ਪ੍ਰਧਾਨ ਸੇਵਕ ਦਾ ਤਿੰਨ ਘੰਟੇ ਦਾ ਦਿੱਤਾ ਸਮਾਂ ਹੀ ਦਲਦਲ ਵਿੱਚ ਧੱਕਣ ਲਈ ਕਾਫ਼ੀ ਮਾਰੂ ਸਿੱਧ ਹੋਇਆ।

ਮਜ਼ਦੂਰਾਂ ਦੀ ਉਹਨਾਂ ਦੇ ਕੰਮ ਕਾਰ ਤੋਂ ਛੁੱਟੀ ਕਰ ਦਿੱਤੀ ਗਈ, ਅਤੇ ਉਹ ਭੁੱਖੇ ਮਰਨ ਲਈ ਮਜਬੂਰ ਹੋ ਗਏ। ਕਰੋਨਾ ਮਹਾਂਮਾਰੀ ਨਾਲੋਂ ਭੁੱਖ ਦੀ ਮਹਾਂਮਾਰੀ ਜ਼ਿਆਦਾ ਭਿਆਨਕ ਨਜ਼ਰ ਆਉਣ ‘ਤੇ ਮਜ਼ਦੂਰ ਵਰਗ ਆਪਣੇ ਜੱਦੀਪੁਸ਼ਤੀ ਘਰਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਹੋ ਗਿਆ। ਉਹਨਾਂ ਨਗਰਾਂ ,ਮਹਾਂਨਗਰਾਂ ਨੇ ਬੇਗ਼ਾਨਗੀ ਦਾ ਅਹਿਸਾਸ ਹੀ ਦਵਾਇਆਂ, ਜਿਨ੍ਹਾਂ ਲਈ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਮਜ਼ਦੂਰ ਵਰਗ ਨੇ ਦਿੱਤਾ।

ਇਸ ਤਰਾਸਦੀ ਦਾ ਸ਼ਿਕਾਰ ਸਭ ਤੋਂ ਵੱਧ ਉਹ ਵਰਗ ਹੋਇਆ , ਜਿਹੜਾ ਨਿੱਤ ਖੂਹ ਪੁੱਟਕੇ ਉਹਦਾ ਪਾਣੀ ਪੀਂਦਾ ਅਤੇ ਅਗਲੇ ਦਿਨ ਨਵਾਂ ਖੂਹ ਪੁੱਟਣ ਲਈ ਜੱਦੋਜਹਿਦ ਕਰਦਾ। ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਦੇਸ਼ ਦੀ ਇੱਕ ਤਿਹਾਈ ਵੱਸੋਂ ਭੁਖਮਰੀਂ ਦੀ ਸ਼ਿਕਾਰ ਹੈ ਅਤੇ ਰਾਤਾਂ ਫੁੱਟਪਾਥਾਂ ‘ਤੇ ਕੱਟਣ ਲਈ ਮਜ਼ਬੂਰ ਹੈ।