ਜੇਲ੍ਹਾਂ 'ਚ ਸੱਚ ਨੂੰ ਡੱਕ ਕੇ, ਹੱਕਾਂ ਦੀ ਗੱਲ ਕਰ ਰਹੇ ਨੇ ਹਾਕਮ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੱਤਰਕਾਰਾਂ, ਬੁਧੀਜੀਵੀਆਂ, ਵਿਦਿਆਰਥੀਆਂ ਅਤੇ ਆਪਣੇ ਹੱਕਾਂ-ਹਿੱਤਾਂ ਲਈ ਅੰਦੋਲਨ ਕਰਨ ਵਾਲੇ ਲੋਕਾਂ ਦੇ ਖਿਲਾਫ ਦੇਸ਼-ਧ੍ਰੋਹ, ਬਗਾਵਤ ਜਾਂ ਗੈਰ ਕਾਨੂੰਨੀ ਕਾਰਵਾਈਆਂ ਰੋਕਣ ਲਈ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਅਤੇ ਭਾਰਤੀ ਸੰਵਿਧਾਂਨ ਨੂੰ ਆਪਣੇ ਤਰੀਕੇ ਨਾਲ ਹੀ ਤਰੋੜ-ਮਰੋੜ ਕਾਨੂੰਨ ਬਣਾਏ ਅਤੇ ਲਾਗੂ ਕੀਤੇ ਜਾ ਰਹੇ ਹਨ।

ਪਰ ਇਹਨਾਂ ਸਾਰੀਆਂ ਬਦਨਾਮੀਆਂ ਤੋਂ ਵੱਧ ਬਦਨਾਮੀ ਕਿਸਾਨ ਅੰਦੋਲਨ ਕਾਰਨ ਹੈ ਅਤੇ ਉਹ ਵੀ ਪੰਜਾਬ ਤੋਂ ਉੱਠੇ ਕਿਸਾਨ ਅੰਦੋਲਨ ਕਾਰਨ, ਜਿਸ ਨੂੰ ਹਰ ਹੀਲੇ ਹਰ ਹਰਬਾ ਵਰਤਕੇ ਕੇਂਦਰ ਸਰਕਾਰ ਤਾਰ ਪੀਡੋ ਕਰਨ ਦੇ ਰਾਹ ਹੈ। ਬਹੁਤੇ ਯਤਨਾਂ ਕਾਰਨ ਵੀ ਕਿਸਾਨ ਅੰਦੋਲਨ `ਚ ਨਾ ਫੁੱਟ ਪਾਈ ਜਾ ਸਕੀ ਹੈ, ਅਤੇ ਨਾ ਹੀ ਇਸ ਨੂੰ ਫੇਲ੍ਹ ਕੀਤਾ ਜਾ ਸਕਿਆ ਹੈ। ਪਰ ਭਾਜਪਾ ਸਰਕਾਰ ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ `ਚ ਜਿੱਤ ਪ੍ਰਾਪਤ ਕਰਕੇ ਜਾਂ ਫਿਰ ਚੰਗੀ ਕਾਰਗੁਜ਼ਾਰੀ ਕਰਕੇ ਇਹ ਦਰਸਾਉਣਾ ਚਾਹੁੰਦੀ ਕਿ ਉਸ ਵਲੋਂ ਬਣਾਏ ਗਏ ਕਾਨੂੰਨ ਕਿਸਾਨ ਹਿਤੈਸ਼ੀ ਹਨ। ਜਿਹਨਾ ਬਾਰੇ ਆਮ ਲੋਕਾਂ ਦੀ ਧਾਰਨਾ ਹੈ ਕਿ ਮੋਦੀ ਸਰਕਾਰ ਨੇ ਪੰਜਾਬ ਦੀ ਖੇਤੀ ਉੱਤੇ ਮੈਲੀ ਅੱਖ ਰੱਖੀ ਹੋਈ ਹੈ ਅਤੇ ਉਹ ਪੰਜਾਬ ਦੀ ਖੇਤੀ ਅਤੇ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਹੱਥ ਸੌਂਪ ਦੇਣਾ ਚਾਹੁੰਦੀ ਹੈ।

ਪੰਜਾਬ ਲਈ ਆਉਣ ਵਾਲਾ ਸਮਾਂ ਅਤਿ ਪਰਖ ਦੀ ਘੜੀ ਵਾਲਾ ਹੈ। ਭਾਜਪਾ ਸ਼ਤਰੰਜ਼ `ਚੋਂ ਆਪਣੇ ਮੋਹਰੇ, ਪਿਆਦੇ ਉਸ ਰੰਗ ਦੇ ਕੱਢੇਗੀ, ਜਿਸ ਨਾਲ ਭਾਜਪਾ ਨੂੰ ਲਾਭ ਹੋਵੇ ਅਤੇ ਖਾਸ ਕਰਕੇ ਕਿਸਾਨ ਅੰਦੋਲਨ, ਜਿਹੜਾ ਉਸ ਦੇ ਸੰਘ ਦੀ ਹੱਡੀ ਬਣ ਰਿਹਾ ਹੈ, ਨੂੰ ਨੁਕਸਾਨ ਪਹੁੰਚਾਵੇ। ਇਹ ਵੀ ਸੰਭਵ ਹੈ ਕਿ ਉਹ ਕਿਸਾਨ ਜਥੇਬੰਦੀਆਂ ਨਾਲ ਆਖਰੀ ਸਮੇਂ ਸਮਝੋਤਾ ਕਰੇ, ਜਾਂ ਪੰਜਾਬ ਦੀ ਕਿਸੇ ਸਿਆਸੀ ਧਿਰ ਨਾਲ ਸਾਂਝ ਪਾ ਕੇ ਚੋਣ ਗੱਠਜੋੜ ਕਰੇ।

ਉਂਜ ਸੰਭਵਤਾ ਭਾਜਪਾ ਦਾ ਪੰਜਾਬ ਅਜੰਡਾ ਪੰਜਾਬ ਵਿਚ ਦਲਿਤ ਭਾਈਚਾਰੇ ਨੂੰ ਆਪਣੇ ਹਿੱਤ ਵਿੱਚ ਕਰਨਾ ਹੋਏਗਾ, ਜਿਹਨਾ ਨੂੰ ਆਪਣੇ ਨਾਲ ਜੋੜ ਕੇ ਅਤੇ ਕਿਸਾਨਾਂ ਨਾਲੋਂ ਤੋੜ ਕੇ ਉਹ ਆਪਣਾ ਵੋਟ ਬੈਂਕ ਪੱਕਾ ਕਰਨ ਦੇ ਰਾਹ ਤਾਂ ਪਏਗੀ ਹੀ ਪਰ ਜਿਵੇਂ ਕਿ ਉਸ ਨੇ ਬੰਗਾਲ `ਚ ਵੀ ਕੀਤਾ ਹੈ ਖਾਸ ਵਰਗ ਦੇ ਲੋਕਾਂ ਨੂੰ ਆਹੁਦਿਆਂ ਦਾ ਲਾਲਚ ਦੇ ਕੇ, ਸਾਮ, ਦਾਮ, ਦੰਗ ਦਾ ਫਾਰਮੂਲਾ ਅਪਨਾ ਕੇ, ਉਸ ਵਲੋਂ ਪੰਜਾਬ ਦੀ ਤਾਕਤ ਹਥਿਆਉਣ ਦਾ ਯਤਨ ਹੋਏਗਾ।