ਸਵਿੱਸ ਬੈਂਕ ਵਿੱਚ ਜਮ੍ਹਾ ਭਾਰਤੀਆਂ ਦਾ 'ਕਾਲਾ ਧਨ' ਚਿੱਟਾ ਕਦੋਂ ਹੋਊ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ, ਇੱਕ ਅੰਕੜਾ ਸਵਿੱਸ ਬੈਂਕ ਵਿੱਚ ਭਾਰਤੀਆਂ ਦੇ ਜਮ੍ਹਾ ਪੈਸਿਆਂ ਦੇ ਬਾਰੇ ਵਿੱਚ ਸਾਹਮਣੇ ਆਏ। ਉਕਤ ਆਏ ਨਵੇਂ ਅੰਕੜੇ ਨੂੰ ਭਾਵੇਂ ਹੀ ਭਾਰਤ ਸਰਕਾਰ ਨੇ ਨਕਾਰ ਦਿੱਤਾ ਹੈ, ਪਰ ਜੋ ਦਾਅਵੇ ਸਵਿਟਜ਼ਰਲੈਂਡ ਦੀ ਕੌਮੀ ਬੈਂਕ ਐਸ ਐਨ ਬੀ ਵੱਲੋਂ ਕੀਤੇ ਗਏ ਹਨ, ਉਹਦੇ ਮੁਤਾਬਿਕ ਸਵਿੱਸ ਬੈਂਕ ਵਿੱਚ ਭਾਰਤੀਆਂ ਦਾ ਨਿੱਜੀ ਅਤੇ ਕੰਪਨੀਆਂ ਦਾ ਪੈਸਾ ਲੰਘੇ ਸਾਲ 2020 ਵਿੱਚ ਸਭ ਤੋਂ ਵੱਧ ਕੇ 2.55 ਅਰਬ ਸਵਿੱਸ ਫ਼ਰੈਂਕ (20, 706 ਕਰੋੜ ਰੁਪਏ) ਪਹੁੰਚ ਗਿਆ ਹੈ। 

ਹਾਲ ਹੀ ਵਿੱਚ ਆਏ ਅੰਕੜੇ ਲੰਘੇ 13 ਸਾਲ ਵਿੱਚ ਸਭ ਤੋਂ ਵੱਧ ਹਨ। ਇਹ ਵਾਧਾ ਨਕਦੀ ਜਮ੍ਹਾਂ ਵਜੋਂ ਨਹੀਂ, ਸਗੋਂ ਸਕਿਉਰਟੀਜ਼ ਬਾਂਡ ਸਣੇ ਹੋਰ ਵਿੱਤੀ ਉਤਪਾਦਾਂ ਰਾਹੀਂ ਰੱਖੀ ਗਈ ਹੋਲਡਿੰਗ ਤੋਂ ਹੋਇਆ ਹੈ। ਭਾਰਤੀ ਗਾਹਕਾਂ ਦੇ ਸਵਿੱਸ ਬੈਂਕਾਂ ਵਿੱਚ ਸਾਲ 2019 ਦੇ ਅਖੀਰ ਤੱਕ ਕੁੱਲ 89.9 ਕਰੋੜ ਸਵਿੱਸ ਫਰੈਂਕ (6,625 ਕਰੋੜ ਰੁਪਏ) ਜਮ੍ਹਾਂ ਸਨ। ਸਵਿਸ ਬੈਂਕਾਂ ਵਿੱਚ ਜਮ੍ਹਾਂ ਰਾਸ਼ੀ ਦੇ ਮਾਮਲੇ ਵਿੱਚ ਭਾਰਤ 51ਵੇਂ ਸਥਾਨ 'ਤੇ ਹੈ। 

ਉਧਰ ਕੇਂਦਰ ਸਰਕਾਰ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਕਿ ਸਵਿਸ ਬੈਂਕਾਂ ਵਿੱਚ ਕਥਿਤ ਤੌਰ 'ਤੇ ਰੱਖਿਆ ਗਿਆ ਕਾਲਾ ਧਨ 286 ਪ੍ਰਤੀਸਤ ਵਧਿਆ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਜਦੋਂ ਸਵਿਸ ਅਧਿਕਾਰੀਆਂ ਨਾਲ ਇਸ ਸੰਬੰਧ ਵਿਚ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਅਜਿਹੀਆਂ ਰਿਪੋਰਟਾਂ ਦੀ ਸਚਾਈ ਤੋਂ ਇਨਕਾਰ ਕੀਤਾ। ਉਧਰ ਕਾਂਗਰਸ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਮੰਗ ਕੀਤੀ ਕਿ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਬਾਰੇ ਖੁਲਾਸਾ ਕੀਤਾ ਜਾਵੇ ਅਤੇ ਸਵਿਸ ਬੈਂਕਾਂ ਵਿੱਚ ਧਨ ਜਮ੍ਹਾਂ ਕਰਵਾਉਣ ਵਾਲੇ ਵਿਅਕਤੀਆਂ ਦੇ ਨਾਂਅ ਉਜਾਗਰ ਕੀਤੇ ਜਾਣ। 

ਕਾਂਗਰਸ ਨੇ ਕਿਹਾ ਕਿ ਵ੍ਹਾਈਟ ਪੇਪਰ ਲਿਆ ਕੇ ਦੇਸ਼ ਵਾਸੀਆਂ ਨੂੰ ਦੱਸਿਆ ਜਾਵੇ ਕਿ ਇਹ ਪੈਸਾ ਕਿਸ ਦਾ ਹੈ ਅਤੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਕੀ-ਕੀ ਕਦਮ ਚੁੱਕੇ ਜਾ ਰਹੇ ਹਨ। ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਕਿਹਾ ਕਿ ਸਰਕਾਰ ਨੂੰ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲੇ ਧਨ ਬਾਰੇ ਪੂਰੀ ਸੂਚੀ ਜਾਰੀ ਕਰਨੀ ਚਾਹੀਦੀ ਹੈ। ਸਵਿਟਜ਼ਰਲੈਂਡ ਦੀ ਸਵਿਸ ਨੈਸ਼ਨਲ ਬੈਂਕ ਨੇ ਹਾਲ ਹੀ ਵਿੱਚ ਸਵਿਸ ਬੈਂਕਾਂ ਵਿੱਚ ਜਮ੍ਹਾਂ ਧਨ ਬਾਰੇ ਅੰਕੜੇ ਜਾਰੀ ਕੀਤੇ ਹਨ, ਜੋ ਵਿਖਾਉਂਦੇ ਹਨ ਕਿ ਸਾਲ 2020 ਦੌਰਾਨ 286 ਫੀਸਦੀ ਭਾਰਤੀਆਂ ਵੱਲੋਂ ਧਨ ਜਮ੍ਹਾਂ ਕਰਵਾਇਆ ਗਿਆ, ਜੋ ਪਿਛਲੇ 13 ਸਾਲਾਂ ਵਿੱਚ ਸਭ ਤੋਂ ਵੱਧ ਹੈ।