ਮੌਜੂਦਾ ਹਾਕਮ ਜਮਾਤ ਦੀ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਦੇਸ਼ ਦੀ ਕਾਨੂੰਨ ਵਿਵਸਥਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੋਕ ਪੱਖੀ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਇਸ ਨਰੋਏ ਸਮਾਜ ਦੀ ਸਿਰਜਣਾ ਵੱਲ ਹੁੰਦੇ ਯਤਨਾਂ ਨੂੰ ਢਾਹ ਲਾਉਣ ਦਾ ਇੱਕ ਕੋਝਾ ਹੱਥਕੰਡਾ ਹੈ । ਦੇਸ਼ ਦੇ ਲਗਾਤਾਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਸਮੇਂ ਇਨ੍ਹਾਂ ਲੋਕ ਪੱਖੀ ਬੁੱਧੀਜੀਵੀਆਂ ਦੀ ਸਾਡੇ ਲੋਕਾਂ ਨੂੰ ਅਤਿਅੰਤ ਲੋੜ ਹੈ । ਦੇਸ਼ ਦੀ ਕਾਨੂੰਨ ਵਿਵਸਥਾ ਮੌਜੂਦਾ ਹਾਕਮ ਜਮਾਤ ਦੀ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ । 

ਸਰਕਾਰ ਦੁਆਰਾ ਗ੍ਰਿਫ਼ਤਾਰ ਕੀਤੇ ਲਗਭਗ ਸਾਰੇ ਹੀ ਬੁੱਧੀਜੀਵੀਆਂ ਦੀ ਉਮਰ ਸੱਠ ਸਾਲ ਤੋਂ ਉੱਪਰ ਹੈ । ਸਰਕਾਰ ਦੁਆਰਾ ਜੇਲ੍ਹਾਂ ਵਿਚ ਜਾਂ ਘਰਾਂ ਵਿੱਚ ਨਜ਼ਰਬੰਦ ਕੀਤੇ ਬੁੱਧੀਜੀਵੀਆਂ ਵਿੱਚ ਵਰਵਰਾ ਰਾਓ, ਸੁਧਾ ਭਾਰਦਵਾਜ, ਅਰੁਣ ਫਰੇਰਾ, ਗੌਤਮ ਨਵਲਖਾ, ਵਰਨੌਨ ਗੁੰਜਾਲਵੇ, ਸੁਰਿੰਦਰ ਗੈਡਲਿਗ, ਸੁਧੀਰ ਧਾਵਲੇ, ਰੋਨਾ ਵਿਲਕਣ, ਸੋਮਾ ਸੇਨ, ਮਹੇਸ਼ ਰਾਊਤ ਆਦਿ ਸ਼ਾਮਿਲ ਹਨ । ਇਸ ਤਰ੍ਹਾਂ ਇਨ੍ਹਾਂ ਨੂੰ ਲੋਕਾਂ ਤੋਂ ਖੋਹ ਲਿਆ ਗਿਆ ਹੈ ।

ਇਸ ਤਰ੍ਹਾਂ ਦੇ ਕਾਰੇ ਕਰਕੇ ਸਰਕਾਰਾਂ ਲੋਕ ਹਿੱਤੂ ਤਾਕਤਾਂ ਵਿੱਚ ਦਹਿਸ਼ਤੀ ਮਾਹੌਲ ਸਿਰਜਣ ਦਾ ਯਤਨ ਕਰ ਰਹੀਆਂ ਹਨ। ਹਕੂਮਤ ਵੱਲੋਂ ਵਿਰੋਧ ਦੀ ਆਵਾਜ਼ ਨੂੰ ਕੁਚਲਨ ਲਈ ਲੋਕਪੱਖੀ ਬੁੱਧੀਜੀਵੀਆਂ, ਪੱਤਰਕਾਰਾਂ, ਵਿਦਿਆਰਥੀ ਆਗੂਆਂ ਤੇ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰ ਕੇ ਹਵਾਲਾਤਾਂ ਵਿੱਚ ਬੰਦ ਕਰ ਦੇਣਾ ਭਾਵੇਂ ਨਵਾਂ ਵਰਤਾਰਾ ਨਹੀਂ ਹੈ।

ਪਰ ਪਿਛਲੇ ਕੁੱਝ ਸਮੇਂ ਤੋਂ ਇਸ ਸਰਕਾਰੀ ਜਬਰ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ, ਬਹੁਤ ਸਾਰੇ ਮਨੁੱਖੀ ਅਧਿਕਾਰ ਕਾਰਕੁਨ ਨਾਜਾਇਜ਼ ਤੌਰ ਤੇ ਜੇਲ੍ਹਾਂ ਵਿੱਚ ਬੰਦ ਕੀਤੇ ਜਾ ਰਹੇ ਹਨ। ਇਸ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਮਨਾਏ ਜਾ ਰਹੇ 'ਵਿਰੋਧ ਪੰਦਰਵਾੜੇ' ਤਹਿਤ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ਤੇ ਮੈਂਬਰਾਂ ਵੱਲੋਂ ਰੰਗਕਰਮੀਆਂ, ਲੇਖਕਾਂ, ਬੁੱਧੀਜੀਵੀਆਂ ਅਤੇ ਹੋਰ ਇਨਸਾਫ਼ ਪਸੰਦ ਕਾਰਕੁਨਾਂ ਦੇ ਸਹਿਯੋਗ ਨਾਲ ਇੱਕ 'ਰੋਸ ਪ੍ਰਦਰਸ਼ਨ' ਕੀਤਾ ।

ਰੋਸ ਪ੍ਰਦਰਸ਼ਨ ਮੌਕੇ 'ਮੁਜ਼ਾਹਰਾ ਕਾਰੀਆਂ' ਵੱਲੋਂ ਮੂੰਹ ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ, ਅਤੇ ਬਹੁਤ ਸਾਰੀਆਂ ਤਖ਼ਤੀਆਂ ਅਤੇ ਬੈਨਰ ਹੱਥ ਵਿੱਚ ਚੁੱਕੇ ਹੋਏ ਸਨ ਜਿੰਨਾ ਉੱਪਰ ਲੋਕਤੰਤਰ-ਪੱਖੀ ਅਤੇ ਫਾਸੀਵਾਦ ਵਿਰੋਧੀ ਨਾਅਰੇ ਲਿਖੇ ਹੋਏ ਸਨ। 

ਤਰਕਸ਼ੀਲ ਸੋਸਾਇਟੀ ਦੇ ਆਗੂਆਂ ਜਸਵੰਤ ਮੋਹਾਲੀ, ਗੁਰਮੀਤ ਖਰੜ , ਸਤਨਾਮ ਦਾਉਂ , ਉੱਘੇ ਨਾਟਕਕਾਰ ਸਾਹਿਬ ਸਿੰਘ, ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿਰਸਾ,ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਆਮਿਰ ਸੁਲਤਾਨਾ ਆਦਿ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਦੇ ਰੂਪ ਵਿਚ ਲੋਕ ਤਾਕਤ ਸਹੀ ਦਿਸ਼ਾ ਵਿਚ ਇੱਕ ਅੰਗੜਾਈ ਲੈ ਰਹੀ ਹੈ, ਅਤੇ ਸਰਕਾਰ ਇਸ ਤੋਂ ਖੋਫਜਦਾ ਹੈ, ਪਰ ਲੋਕ ਆਵਾਜ਼ ਨੂੰ ਕੁਚਲਿਆ ਨਹੀਂ ਜਾ ਸਕਦਾ। ਆਗੂਆਂ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਇਸ ਕੇਸ ਵਿੱਚ ਫ਼ੌਰੀ ਦਖ਼ਲ ਦੇਵੇ ਅਤੇ ਝੂਠੇ ਕੇਸਾਂ ਵਿੱਚ ਬੰਦ ਕਾਰਕੁਨ ਫ਼ੌਰੀ ਰਿਹਾ ਕੀਤੇ ਜਾਣ।