ਧਾਰਮਿਕ ਸਥਾਨਾਂ 'ਚ ਗ਼ਲਤ ਕੰਮ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਜੈਤੋ ਦੇ ਇਕ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਦਿਨੀਂ ਵੱਡੀ ਮਾਤਰਾ ਵਿੱਚ ਇਤਰਾਜ਼ਯੋਗ ਸਮਾਨ ਬਰਾਮਦ ਹੋਇਆ। ਜਿਸ ਦਾ ਵਿਵਾਦ ਜਦੋਂ ਵਧਿਆ ਤਾਂ ਸ੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਮੈਨੇਜਰ ਸਮੇਤ 4-5 ਸੇਵਾਦਾਰਾਂ ਨੂੰ ਸਸਪੈਂਡ ਕਰ ਦਿੱਤਾ।

ਇਹ ਮਾਮਲਾ ਹਾਲੇ ਠੱਲਣ ਦਾ ਨਾਂਅ ਨਹੀਂ ਲੈ ਰਿਹਾ, ਕਿਉਂਕਿ ਗੁਰਦੁਆਰਾ ਸਾਹਿਬ ਵਿੱਚੋਂ ਜਿਹੜਾ ਇਤਰਾਜ਼ਯੋਗ ਸਮਾਨ ਬਰਾਮਦ ਹੋਇਆ ਹੈ, ਉਹ ਇੱਥੇ ਦੱਸਣਾ ਵੀ ਮੁਸ਼ਕਲ ਹੈ। ਖ਼ੈਰ, ਉਕਤ ਮਾਮਲੇ ਦੇ ਸਬੰਧ ਵਿੱਚ ਪੁਲਿਸ ਨੇ ਪਰਚਾ ਦਰਜ ਕਰਕੇ ਦੋ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰ ਸਵਾਲ ਇਹ ਹੈ ਕਿ ਆਖ਼ਰ ਧਾਰਮਿਕ ਸਥਾਨਾਂ ਵਿੱਚ ਹੀ ਗ਼ਲਤ ਕੰਮ ਕਿਉਂ ਹੁੰਦੇ ਨੇ? 

ਤਾਜ਼ਾ ਮਾਮਲਾ, ਫਿਰੋਜ਼ਪੁਰ ਦੇ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਝੁੱਗੇ ਸੰਤਾ ਸਿੰਘ ਵਾਲੇ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ‘ਤੇ ਵਾਇਰਲ ਵੀਡੀਓ ਦੇ ਆਧਾਰ ‘ਤੇ ਦੋਸ਼ ਲੱਗੇ ਹਨ ਕਿ ਗ੍ਰੰਥੀ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਔਰਤ ਦੇ ਨਾਲ ਸਰੀਰਿਕ ਸਬੰਧ ਬਣਾਏ ਹਨ ਅਤੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਹੈ।

ਬੇਸ਼ੱਕ ਇਸ ਮਾਮਲੇ ਦੇ ਸਬੰਧ ਵਿੱਚ ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ ਗ੍ਰੰਥੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਫ਼ਿਲਹਾਲ ਗ੍ਰੰਥੀ ਪੁਲਿਸ ਦੇ ਹੱਥੋਂ ਬਾਹਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ ਏਕਨੂਰ ਖ਼ਾਲਸਾ ਫ਼ੌਜ ਦੇ ਆਗੂ ਗੁਰਚਰਨ ਸਿੰਘ ਪੁੱਤਰ ਜੰਗ ਸਿੰਘ ਵਾਸੀ ਗੱਟੀ ਅਜੈਬ ਸਿੰਘ ਵਾਲੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਨ੍ਹਾਂ ਕੋਲ ਕੁੱਝ ਦਿਨ ਪਹਿਲੋਂ ਇੱਕ ਵਾਇਰਲ ਵੀਡੀਓ ਪੁੱਜੀ ਸੀ, ਜਿਸ ਵਿੱਚ ਇੱਕ ਵਿਅਕਤੀ ਔਰਤ ਦੇ ਨਾਲ ਗੁਰਦੁਆਰੇ ਵਿੱਚ ਸਰੀਰਿਕ ਸਬੰਧ ਬਣਾ ਰਿਹਾ ਸੀ।

ਗੁਰਚਰਨ ਸਿੰਘ ਮੁਤਾਬਿਕ, ਵੀਡੀਓ ਨੂੰ ਵਾਚਣ ਤੋਂ ਬਾਅਦ ਪਾਇਆ ਗਿਆ ਕਿ, ਵਾਇਰਲ ਵੀਡੀਓ ਵਿੱਚ ਕੋਈ ਹੋਰ ਨਹੀਂ, ਬਲਕਿ ਗੁਰਦੁਆਰੇ ਦਾ ਗ੍ਰੰਥੀ ਲਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਬਸਤੀ ਮੱਘਰ ਸਿੰਘ ਵਾਲੀ (ਗੁਰੂਹਰਸਹਾਏ) ਹੀ ਸੀ, ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਔਰਤ ਦੇ ਨਾਲ ਸਬੰਧ ਬਣਾਏ।

ਗੁਰਚਰਨ ਸਿੰਘ ਨੇ ਦੋਸ਼ ਲਗਾਇਆ ਕਿ, ਗ੍ਰੰਥੀ ਲਾਲ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਔਰਤ ਦੇ ਨਾਲ ਸਰੀਰਿਕ ਸਬੰਧ ਬਣਾਉਣਾ ਗੁਰੂ ਘਰ ਦੀ ਮਰਿਯਾਦਾ ਦੀ ਉਲੰਘਣਾ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸਰੀਰਿਕ ਸਬੰਧ ਬਣਾ ਕੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਹੈ।

ਗੁਰਚਰਨ ਸਿੰਘ ਨੇ ਦੋਸ਼ ਲਗਾਇਆ ਕਿ, ਸੱਚ ਖੰਡ ਵਿੱਚ ਪਏ ਸੁੱਖ ਆਸਣ ਵਾਲੇ ਪੰਘੂੜਾ ਸਾਹਿਬ ਉੱਪਰ ਗ੍ਰੰਥੀ ਲਾਲ ਸਿੰਘ ਵੱਲੋਂ ਸਰੀਰਿਕ ਸਬੰਧ ਬਣਾ ਕੇ ਸਿੱਖ ਧਰਮ ਦੀ ਬੇਅਦਬੀ ਹੀ ਨਹੀਂ, ਸਗੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ।

ਦੂਜੇ ਪਾਸੇ ਪੁਲਿਸ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਚਰਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਗ੍ਰੰਥੀ ਲਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਬਸਤੀ ਮੱਘਰ ਸਿੰਘ ਵਾਲੀ (ਗੁਰੂਹਰਸਹਾਏ) ਦੇ ਵਿਰੁੱਧ 153-ਏ, 294 ਆਈਪੀਸੀ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।