ਰਾਮ ਮੰਦਰ ਜ਼ਮੀਨੀ ਘੁਟਾਲਾ: ਕਿਤੇ ਕੇਸ ਦੀਆਂ ਫ਼ਾਈਲਾਂ ਬੰਦ ਨਾ ਹੋ ਜਾਣ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ, ਭਗਵਾਨ ਰਾਮ ਦਾ ਜੋ ਮੰਦਰ ਅਯੁੱਧਿਆ ਵਿੱਚ ਉਸਾਰਿਆ ਜਾ ਰਿਹਾ ਹੈ, ਉਸ ਮੰਦਰ ਦੇ ਨਿਰਮਾਣ ਦੇ ਵਾਸਤੇ ਖ਼ਰੀਦੀ ਗਈ ਜ਼ਮੀਨ ਵਿੱਚ ਵੱਡੇ ਪੱਧਰ 'ਤੇ ਘੁਟਾਲਾ ਸਾਹਮਣੇ ਆਇਆ। ਮੰਦਰ ਦੀ ਜ਼ਮੀਨ 'ਤੇ ਘੁਟਾਲਾ ਅਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਕਿਸੇ ਹੋਰ 'ਤੇ ਨਹੀਂ, ਬਲਕਿ ਸ਼੍ਰੀਰਾਮ ਜਨਮ-ਭੂਮੀ ਤੀਰਥ ਖੇਤਰ ਟਰੱਸਟ 'ਤੇ ਲੱਗਿਆ।

ਦੋਸ਼ ਵਿੱਚ ਇਹ ਸਾਹਮਣੇ ਆਇਆ ਕਿ, ਰਾਮ ਭਗਤਾਂ ਦੁਆਰਾ ਦਾਨ ਵਿੱਚ ਦਿੱਤੇ ਗਏ ਫ਼ੰਡ ਨੂੰ ਟਰੱਸਟ ਨੇ ਗ਼ਲਤ ਤਰੀਕੇ ਦੇ ਨਾਲ ਵਰਤ ਕੇ, ਸਸਤੇ ਭਾਅ ਦੀ ਜ਼ਮੀਨ ਨੂੰ ਕੁੱਝ ਹੀ ਮਿੰਟਾਂ ਵਿੱਚ ਹੇਰ-ਫੇਰ ਕਰਕੇ ਮਹਿੰਗੇ ਭਾਅ ਵਿੱਚ ਖ਼ਰੀਦ ਕੇ ਚੰਦਾ ਕਮਾ ਕੇ ਆਪਣੀਆਂ ਜੇਬਾਂ ਭਰ ਲਈਆਂ।

ਰਾਮ ਮੰਦਰ ਦੇ ਨਿਰਮਾਣ ਵਾਸਤੇ ਖ਼ਰੀਦੀ ਗਈ ਜ਼ਮੀਨ ਦੇ ਘੁਟਾਲੇ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਹੁਣ ਤੱਕ ਨਾ ਤਾਂ ਆਰਐਸਐਸ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਨਾ ਹੀ ਭਾਰਤ ਦੇ ਪ੍ਰਧਾਨ ਮੰਤਰੀ ਇਸ ਮਸਲੇ 'ਤੇ ਬੋਲੇ ਹਨ। ਵਿਰੋਧੀ ਧਿਰਾਂ ਨੇ ਇਸ ਘੁਟਾਲੇ ਦੀ ਮੰਗ ਸੀਬੀਆਈ ਅਤੇ ਈਡੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ ਤਾਂ, ਜੋ ਦੋਸ਼ੀਆਂ ਨੂੰ ਫੜ੍ਹ ਕੇ ਸਲਾਖ਼ਾਂ ਪਿੱਛੇ ਸੁੱਟਿਆ ਜਾ ਸਕੇ, ਜੋ ਰਾਮ ਭਗਤਾਂ ਦੀ ਆਸਥਾ ਨਾਲ ਖਿਲਵਾੜ ਕਰਕੇ ਆਪਣੀਆਂ ਜੇਬਾਂ ਭਰ ਰਹੇ ਸਨ। 

ਦਰਅਸਲ, ਕਦੇ ਭਾਜਪਾ ਦੀ ਸਹਿਯੋਗੀ ਰਹੀ ਸੁਹੇਲ ਦੇਵ ਸਮਾਜ ਪਾਰਟੀ ਦੇ ਮੁਖੀ ਓਮ ਪਰਕਾਸ਼ ਰਾਜਭਰ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਅਤੇ ਆਰਐਸਐਸ ਨੇ ਰਾਮ ਮੰਦਰ ਨੂੰ 'ਵਪਾਰ ਦਾ ਜਰੀਆਂ' ਬਣਾ ਲਿਆ ਹੈ। ਉੱਧਰ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ।

ਰਾਜਭਰ ਨੇ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਯਾਨਾਥ ਨੂੰ ਪੁੱਛਿਆ ਹੈ ਕਿ ਇਲਜ਼ਾਮਾਂ ਦੇ ਘੇਰੇ ਵਿੱਚ ਆਏ ਲੋਕਾਂ ਉੱਤੇ 'ਕਾਰਵਾਈ ਕਦੋਂ ਹੋਵੇਗੀ?' ਉਨ੍ਹਾਂ ਨੇ ਕਿਹਾ, ''ਇਹ ਮੰਦਰ ਆਮ ਲੋਕਾਂ ਦੀ ਆਸਥਾ ਦਾ ਪ੍ਰਤੀਕ ਹੈ, ਪਰ ਭਾਜਪਾ ਅਤੇ ਆਰਐਸਐਸ ਨੇ ਇਸ ਨੂੰ ਵਪਾਰ ਦਾ ਜਰੀਆਂ ਬਣਾ ਲਿਆ ਹੈ।''

ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਵਿਧਾਇਕ ਤੇਜਨਾਰਾਇਣ ਪਾਂਡੇ ਉਰਫ਼ ਪਵਨ ਪਾਂਡੇ ਨੇ ਇਲਜ਼ਾਮ ਲਗਾਇਆ ਹੈ ਕਿ '2 ਕਰੋੜ ਰੁਪਏ ਵਿੱਚ ਖ਼ਰੀਦੀ ਗਈ ਜ਼ਮੀਨ ਸਿਰਫ਼ ਕੁੱਝ ਮਿੰਟਾਂ ਬਾਅਦ 18.5 ਕਰੋੜ ਰੁਪਏ ਵਿੱਚ ਖ਼ਰੀਦੀ ਗਈ।'' ਰਾਮ ਜਨਮ ਭੂਮੀ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।