ਮੁਲਕ ਲੁਟਾਵਣ ਲੱਗੇ ਆਂ! (ਵਿਅੰਗ)

ਹੁਕਮਰਾਨ ਚਾਲਾਂ ਵੀ ਚੱਲ ਰਿਹਾ, ਜੁਮਲੇਬਾਜੀ ਵੀ। ਹੰਕਾਰੀ ਬੰਦੇ, ਛੇਤੀ ਕੀਤਿਆਂ ਨਾ ਜਿਦ ਛੱਡਣ, ਨਾ ਹਾਰ ਮੰਨਣ। ਗੰਢੇ ਤੇ ਛਿੱਤਰਾਂ ਦਾ ਸੁਆਦ ਚੱਖਣ ਤੱਕ ਜਾਂਦੇ ਹੁੰਦੇ ਆ। ਇਹ ਤਾਂ ਹਾਰ ਕੇ ਵੀ, ਹਾਰ ਨੀਂ ਮੰਨਦੇ, ਵੇਖਿਆ ਨੀਂ ਇਹਨਾਂ ਦਾ ਕਾਗਜੀ ਸ਼ੇਰ, ਡੌਨਾਲਡ ਟਰੰਪ! ਹਾਕਮ ਦਾ ਕਿਰਦਾਰ ਵਿਹਾਰ, ਸਾਮਰਾਜੀਆਂ ਤੇ ਕਾਰਪੋਰੇਟਾਂ ਦਾ ਗੋਲ੍ਹਪੁਣਾ। ਪੱਕਾ ਜੀ ਹਜੂਰੀਆ। ਉਹਨਾਂ ਦੇ ਲੁਟੇਰੇ ਹਿੱਤਾਂ ਦਾ ਪਹਿਰੇਦਾਰ। 

ਕੋਈ ਲੁਕੀ ਗੱਲ ਨਹੀਂ, ਲਿਖਤੀ ਦਸਤਾਵੇਜ ਨੇ। ਸਾਮਰਾਜ ਆਪਣਾ ਗਲਬਾ ਵਧਾ ਰਿਹੈ, ਸਮਝੌਤੇ-ਸੰਧੀਆਂ ਰਾਹੀਂ, ਆਪਣੀਆਂ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਦੀਆਂ ਸਰਤਾਂ ਤੇ ਹਿਦਾਇਤਾਂ ਰਾਹੀਂ। ਹਾਕਮ ਸਤ-ਬਚਨੀਆ ਬਣ, ਕਾਨੂੰਨ ਘੜੀ ਜਾਂਦਾ, ਮੁਲਕ ਸਿਰ ਮੜੀ ਜਾਂਦਾ। ਅਜਿਹੀ ਹਾਲਤ ਵਿੱਚ ਸੰਘਰਸ਼ਾਂ ਦਾ ਉੱਠਣਾ, ਯਕੀਨੀ ਤੇ ਜਰੂਰੀ। ਸੰਘਰਸ, ਹਾਕਮ ਨੂੰ ਵਾਰਾ ਨਹੀਂ ਖਾਂਦਾ। ਸਾਮਰਾਜੀ ਸੇਵਾ ਵਿੱਚ ਵਿਘਨ ਪੈਂਦਾ।

ਹਾਕਮ ਟਿਕ ਨਹੀਂ ਬੈਠੂ। ਹਮਲੇ ਲਈ ਮੌਕਾ ਭਾਲੂ। ਫੌਜੀ ਬਲ ਦਾ ਤਾਂ ਜੰਿਮਾ, ਮੁੱਢ ਤੋਂ ਹੀ ਮਿੱਥਿਆ, ਹਾਕਮ ਦੀ ਕਹੀ ਕੀਤੀ ਪੁਗਾਉਣੀ। ਹਾਕਮੀ ਤਾਮ ਝਾਮ ਦੀ ਰਾਖੀ ਕਰਨਾ। ਗੁੰਡਾਗਰਦੀ ਦੀਆਂ ਡੋਰਾਂ, ਹਾਕਮ ਦੀ ਉਂਗਲ ਵਿੱਚ। ਆਪਾਂ ਪੁਗਾਊ ਬੀਮਾਰੀ ਦੇ ਸਕਿਾਰ, ਬਾਹਲੇ ਤੱਤੇ, ਬਹੁਤੇ ਕਾਹਲੇ। ਮਾਰਕੇਬਾਜ ਤੇ ਫਿਰਕੂ ਕੱਟੜ, ਜਨ ਅੰਦੋਲਨ ਵਿੱਚ ਪਾਉਣ ਖਿਲਾਰੇ। ਸੰਘਰਸ ਨੂੰ ਲੀਹੋਂ ਲਾਹੁਣ, ਕਮਜੋਰ ਕਰਨ ਤੇ ਹਾਕਮ ਨੂੰ ਹਮਲੇ ਦਾ ਮੌਕਾ ਦੇਣ ਦੇ, ਲੱਗੇ ਆਹਰੇ।

ਕਰੋਨਾ, ਕਿਹੜਾ ਗਿਆ ਕਿਧਰੇ, ਹਾਕਮ ਤਾਂ ਇਹਦੇ ਤੀਜੇ ਹੱਲੇ ਨੂੰ ਹੋਕਰੇ ਮਾਰ ਰਿਹੈ। ਇਹਦੇ ਡਰ ਆਸਰੇ, ਹਕੂਮਤੀ ਛੱਪਾ ਪਾਈ ਰੱਖਣ ਦੀ ਨੀਤ ਪਾਲਦਾ। ਸਮਾਂ, ਚੇਤਨ ਨਿਗਾਹਦਾਰੀ, ਤੱਤਿਆਂ ਤੇ ਫਿਰਕੂਆਂ ਨਾਲੋਂ ਨਿਖੇੜਾ, ਸੰਘਰਸ ਦਾ ਅਗਾਂਹ ਵਧਾਰਾ ਅਤੇ ਵਿਸਾਲ ਸਮਰਥਨ ਨਾਲ ਮਜਬੂਤ ਜੋਟੀ ਮੰਗਦਾ। ਸਮਰਥਨ ਨੂੰ ਸਲਾਮ, ਯੁੱਗ ਯੁੱਗ ਜੀਵੇ, ਵਧੇ-ਫੁਲੇ, ਪੱਕੀ ਜੋਟੀ ਪਵੇ, ਆਸਾਂ ਨੂੰ ਬੂਰ ਪਵੇ, ਜਿੱਤਾਂ ਮਾਣੇ।