ਤੁਹਾਨੂੰ ਮਿਲਿਆ ਘਰ-ਘਰ ਰੁਜ਼ਗਾਰ ਜਾਂ ਫਿਰ... (ਨਿਊਜ਼ਨੰਬਰ ਖ਼ਾਸ ਖ਼ਬਰ)

ਸੱਤਾ ਵਿੱਚ ਬਿਰਾਜ਼ਮਾਨ ਹੋਣ ਤੋਂ ਪਹਿਲੋਂ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਜਿਹੜੀ ਸਰਕਾਰ ਕਰਦੀ ਸੀ, ਉਹ ਸਰਕਾਰ ਅੱਜ ਘਰ ਘਰ ਬੇਰੁਜ਼ਗਾਰ ਪੈਦਾ ਕਰਨ 'ਤੇ ਜ਼ੋਰ ਦੇ ਰਹੀ ਹੈ। ਇਹ ਅਸੀਂ ਨਹੀਂ ਕਹਿੰਦੇ, ਇਹ ਤਾਂ ਡਾਟਾ ਬੋਲਦਾ ਹੈ ਕਿ ਸਰਕਾਰ ਨੇ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਕਿੰਨੇ ਜਣਿਆਂ ਨੂੰ ਸਰਕਾਰੀ ਨੌਕਰੀ ਤਕਸੀਮ ਕੀਤੀ। ਘਰ-ਘਰ ਰੁਜ਼ਗਾਰ ਦਾ ਵਾਅਦਾ ਕਰਨ ਵਾਲ਼ੀ ਕੈਪਟਨ ਹਕੂਮਤ ਵੱਲੋਂ ਸਰਕਾਰੀ ਰੁਜ਼ਗਾਰ ਦਾ ਜਿਸ ਪ੍ਰਕਾਰ ਉਜਾੜਾ ਕੀਤਾ ਜਾ ਰਿਹਾ ਹੈ, ਉਹਦੇ ਬਾਰੇ ਅਸੀਂ ਸਹਿਜ਼ੇ ਹੀ ਚੰਗੀ ਤਰ੍ਹਾਂ ਜਾਣ ਚੁੱਕੇ ਹਨ। 

ਸਵਾਲ ਸ਼ੁਰੂਆਤੀ ਦੌਰ ਵਿੱਚ ਇਹੋ ਹੈ ਕਿ, ਕੀ ਤੁਹਾਨੂੰ ਘਰ ਘਰ ਰੁਜ਼ਗਾਰ ਤਹਿਤ ਨੌਕਰੀ ਮਿਲੀ ਜਾਂ, ਫਿਰ ਤੁਸੀਂ ਵੀ ਪੰਜਾਬ ਦੇ ਲੱਖਾਂ ਬੇਰੁਜ਼ਗਾਰਾਂ ਦੀ ਲਿਸਟ ਵਿੱਚ ਸ਼ਾਮਲ ਹੋ ਜਿਹੜੇ ਸਰਕਾਰੀ ਡਾਂਗਾ ਖਾ ਰਹੇ ਹਨ। ਦੱਸਣਾ ਬਣਦਾ ਹੈ ਕਿ ੰਜਾਬ ਵਿੱਚ ਕੈਪਟਨ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ਼ ਵੱਖ-ਵੱਖ ਤਰ੍ਹਾਂ ਦੇ ਵਾਅਦੇ ਕਰਦੀ ਹੈ, ਤੇ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਵਾਅਦਾ ਜੋ ਕਿ ਨੌਜਵਾਨਾਂ ਨਾਲ਼ ਕੀਤਾ ਗਿਆ ਸੀ, ਓਹ ਸੀ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ। 

ਰੁਜ਼ਗਾਰ ਦੇਣ ਦੀ ਮਨਸ਼ਾ ਤਾਂ ਬਹੁਤ ਵੱਡੇ ਹਿੱਸੇ ਨੂੰ ਪਹਿਲਾਂ ਹੀ ਸਮਝ ਆ ਚੁੱਕੀ ਸੀ ਸਭ ਨੂੰ ਪਤਾ ਹੀ ਹੈ ਕਿ ਇਹ ਵੋਟ ਵਟੋਰੂ ਟੋਲੇ ਲੋਕਾਂ ਤੋਂ ਵੋਟਾਂ ਲੈਣ ਲਈ ਵੱਖ-ਵੱਖ ਤਰ੍ਹਾਂ ਦੇ ਵਾਅਦੇ ਕਰਦੇ ਹਨ ਤੇ ਸੱਤ੍ਹਾ ਵਿੱਚ ਆਉਣ ਤੋਂ ਬਾਅਦ ਇਹ ਵਾਅਦੇ ਲਾਰਿਆਂ ਵਿੱਚ ਤਬਦੀਲ ਹੋ ਜਾਂਦੇ ਹਨ। ਕੈਪਟਨ ਸਰਕਾਰ ਦੀ ਘਰ-ਘਰ ਰੁਜ਼ਗਾਰ ਦੇਣ ਦੀ ਮੁਹਿੰਮ ਦੀ ਪੋਲ ਤਾਂ ਪਹਿਲਾਂ ਹੀ ਖੁੱਲ੍ਹ ਗਈ ਸੀ ਕਿ ਕਿਵੇਂ ਨੌਜਵਾਨ ਪੀੜ੍ਹੀ ਨਾਲ਼ ਅਸਥਾਈ ਤੇ ਬਹੁਤ ਹੀ ਨਿਗੂਣੀ ਤਨਖਾਹ ਵਾਲ਼ਾ ਰੁਜ਼ਗਾਰ ਦੇਣ, ਲਈ ਕਈ ਰੁਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਦਾ ਅਤੇ ਉਨ੍ਹਾਂ ਦੀਆਂ ਡਿਗਰੀਆਂ ਦਾ ਮਜਾਕ ਉਡਾਇਆ।

ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੈਪਟਨ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਅਸਲ ਵਿੱਚ ਇਸ ਢਾਂਚੇ ਵਿੱਚ ਜਿੰਨੀਆਂ ਵੀ ਵੋਟ ਵਟੋਰੂ ਪਾਰਟੀਆਂ ਹਨ, ਇਨ੍ਹਾਂ ਸਭ ਦੇ ਮਨਸੂਬੇ ਇੱਕੋ ਹਨ, ਇਨ੍ਹਾਂ ਨੇ ਲੋਕਾਂ ਨੂੰ ਲੁੱਟਣਾ ਕੁੱਟਣਾ ਹੈ ਤੇ ਵੱਡੇ ਵੱਡੇ ਸਰਮਾਏਦਾਰਾਂ ਦੇ ਘਰ ਭਰਨੇ ਹਨ। ਕੈਪਟਨ ਸਰਕਾਰ ਨੇ ਘਰ-ਘਰ ਰੁਜ਼ਗਾਰ ਤਾਂ ਕੀ ਦੇਣਾ ਸੀ ਸਗੋਂ ਸਰਕਾਰੀ ਵਿਭਾਗਾਂ ਵਿੱਚ ਪਈਆਂ ਅਨੇਕਾਂ ਅਸਾਮੀਆਂ ਦਾ ਭੋਗ ਪਾ ਕੇ ਬਚੇ-ਖੁਚੇ ਰੁਜ਼ਗਾਰ ਨੂੰ ਹੋਰ ਵੀ ਸੁੰਗੇੜਨ ਦੇ ਰਾਹ ਪਈ ਹੋਈ ਹੈ।