ਕੀ ਠੇਕਾ ਕਾਮਿਆਂ ਦੀਆਂ ਮੰਗਾਂ ਮੰਨੇਗੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੱਤਾ ਵਿੱਚ ਆਉਣ ਤੋਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ, ਸਭ ਤੋਂ ਪਹਿਲੋਂ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਠੇਕੇਦਾਰੀ ਸਿਸਟਮ ਦਾ ਭੋਗ ਪਾ ਕੇ ਪੱਕੀਆਂ ਨੌਕਰੀਆਂ ਦੇ ਭੰਡਾਰ ਖੋਲ੍ਹੇ ਜਾਣਗੇ। ਇਸੇ ਸਿਲਸਿਲੇ ਤੇ ਝੂਠਬਾਜ਼ੀ ਨੇ ਲੋਕਾਂ ਨੂੰ ਐਨਾ ਗੁੰਮਰਾਹ ਕੀਤਾ ਕਿ, ਲੋਕ ਤਾਂ ਭੁੱਲ ਹੀ ਗਏ ਕਿ, ਬਾਦਲ ਵੀ ਇਨ੍ਹਾਂ ਵਰਗਾ ਹੀ ਸੀ ਅਤੇ ਕੈਪਟਨ-ਬਾਦਲ ਹੈ ਤਾਂ ਇੱਕੋ ਹੀ ਸਿੱਕੇ ਦੇ ਦੋ ਪਹਿਲੂ। 

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਿਆ ਨੂੰ ਪੰਜਾਬ ਦੇ ਅੰਦਰ ਕਰੀਬ ਸਵਾ 4 ਸਾਲ ਹੋ ਗਏ ਹਨ, ਪਰ ਹੁਣ ਤੱਕ ਠੇਕੇ ਕਾਮਿਆਂ ਨੂੰ ਪੱਕਾ ਤਾਂ ਕੀ ਕਰਨਾ ਸੀ, ਉਲਟਾ ਸਰਕਾਰ ਕੱਚੇ ਕਾਮਿਆਂ ਨੂੰ ਨੌਕਰੀਓਂ ਕੱਢਣ 'ਤੇ ਜ਼ੋਰ ਦੇ ਰਹੀ ਹੈ। ਲਗਾਤਾਰ ਪੰਜਾਬ ਦੇ ਅੰਦਰ ਵੱਧ ਰਹੀ ਬੇਰੁਜ਼ਗਾਰ ਸਰਕਾਰ 'ਤੇ ਸਵਾਲ੍ਹੀਆਂ ਚਿੰਨ ਹੈ, ਉਥੇ ਹੀ ਦੂਜੇ ਪਾਸੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵੀ ਹੈ, ਜੋ ਕਿ ਇਸ ਵੇਲੇ ਸਾਫ਼ ਅਤੇ ਸਪੱਸ਼ਟ ਤੌਰ 'ਤੇ ਉਜਾਗਰ ਹੋ ਚੁੱਕੀ ਹੈ। 

ਜਾਣਕਾਰੀ ਮੁਤਾਬਿਕ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪਿਛਲੀ ਦਿਨੀਂ ਧਰਨੇ ਦੌਰਾਨ ਮੈਨੇਜਮੈਂਟ ਅਧਿਕਾਰੀਆਂ ਵੱਲੋਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਮੰਗਾਂ ਦਾ ਹੱਲ ਨਾ ਹੋਣ ਤੇ ਠੇਕਾ ਕਾਮਿਆਂ ਨੇ ਦੁਬਾਰਾ ਸੰਘਰਸ਼ ਪ੍ਰੋਗਰਾਮ ਉਲੀਕਿਆ ਸੀ  ਦੁਬਾਰਾ ਸੰਘਰਸ਼ ਦੇ ਦਬਾਅ ਸਦਕਾ ਪਾਵਰਕੌਮ ਮੈਨੇਜਮੈਂਟ ਅਧਿਕਾਰੀਆਂ ਨੂੰ ਕਾਮਿਆਂ ਨੂੰ ਰੱਖਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਚਿੱਠੀ ਪੱਤਰ ਜਾਰੀ ਕਰਨੇ ਪਏ। 

'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ,  ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੁਮਾਰ, ਮੀਤ ਪ੍ਰਧਾਨ ਚੌਧਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀ ਐੱਚ ਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਪਿਛਲੇ ਦਿਨੀਂ ਸੰਘਰਸ਼ ਦੌਰਾਨ ਮੰਗਾਂ ਨੂੰ ਹੱਲ ਕਰਨ ਦੇ ਚਿੱਠੀ ਪੱਤਰ ਜਾਰੀ ਕੀਤੇ ਗਏ ਸੀ, ਜਿਸ ਨੂੰ ਪਾਵਰਕੌਮ ਅਧਿਕਾਰੀਆਂ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ ਸੀ।

ਜਿਸ ਦੇ ਕਾਰਨ ਠੇਕਾ ਕਾਮਿਆਂ ਦੁਆਰਾ ਸੰਘਰਸ਼ ਉਲੀਕਿਆ ਗਿਆ ਸੀ। ਇਹ ਕਾਮੇ ਪਰਿਵਾਰਾਂ ਅਤੇ ਛੋਟੇ ਛੋਟੇ ਬੱਚਿਆਂ ਨਾਲ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਕੱਲ੍ਹ 9 ਜੂਨ ਨੂੰ ਜਦੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨੇ ਦਾ ਐਲਾਨ ਕੀਤਾ ਤਾਂ ਮੈਨੇਜਮੈਂਟ ਅਧਿਕਾਰੀਆਂ ਅਤੇ ਪਟਿਆਲਾ ਪ੍ਰਸ਼ਾਸਨ ਵੱਲੋਂ ਗੱਲਬਾਤ ਦਾ ਤੋਰਾ ਤੋਰਿਆ, ਜਿਸ ਵਿੱਚ ਮੈਨੇਜਮੈਂਟ ਅਧਿਕਾਰੀਆਂ ਵੱਲੋਂ ਕਾਮਿਆਂ ਨੂੰ ਰੱਖਣ ਸਬੰਧੀ ਪੱਤਰ ਜਾਰੀ ਕੀਤੇ ਗਏ ਅਤੇ ਨਵੇਂ ਟੈਂਡਰ ਜਾਰੀ ਕਰਨ ਦੇ ਵੀ ਪੱਤਰ ਜਾਰੀ ਕੀਤੇ ਅਤੇ ਨਾਲ ਹੀ ਮੰਗਾਂ ਦੇ ਹੱਲ ਲਈ ਅੱਜ 10 ਜੂਨ 2021 ਨੂੰ ਪ੍ਰਬੰਧਕੀ ਡਾਇਰੈਕਟਰ ਡਾਇਰੈਕਟਰ ਡੀ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦਾ ਵੀ ਲਿਖਤੀ ਸਮਾਂ ਦਿੱਤਾ ਗਿਆ। ਮੰਨੀਆਂ ਮੰਗਾਂ ਦਾ ਲਿਖਤੀ ਪੱਤਰ ਜਾਰੀ ਕੀਤਾ ਗਿਆ।