ਨੇਤਾਵਾਂ ਦੀ ਜੇਕਰ ਲੋਕ ਖਿੱਚ ਧੂਹ ਕਰਨ ਲੱਗੇ ਤਾਂ...! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰ ਅਧਿਆਪਕਾਂ 'ਤੇ ਅੰਨ੍ਹੇਵਾਹ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਬੇਰੁਜ਼ਗਾਰਾਂ ਦੀ ਦੱਬ ਕੇ ਖਿੱਚ ਧੂਹ ਕੀਤੀ। ਇੱਥੇ ਹੀ ਬਸ ਨਹੀਂ, ਪੰਜਾਬ ਦੀਆਂ ਬੇਰੁਜ਼ਗਾਰ ਅਧਿਆਪਕ ਧੀਆਂ 'ਤੇ ਪਟਿਆਲੇ ਦੀ ਮਰਦਾਨਾ ਪੁਲਿਸ ਵੱਲੋਂ ਖਿੱਚ ਧੂਹ ਕੀਤੀ। ਹੁਣ ਸਵਾਲ ਉੱਠਦਾ ਹੈ ਕਿ ਜੇਕਰ ਆਗਾਮੀ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਨੇਤਾਵਾਂ ਦੀ ਲੋਕ ਖਿੱਚ ਧੂਹ ਕਰਨ ਲੱਗ ਪਏ ਤਾਂ, ਅੰਜ਼ਾਮ ਬੁਰਾ ਹੋਵੇਗਾ। ਖ਼ੈਰ, ਨੇਤਾਵਾਂ ਦੀ ਕੁੱਟਮਾਰ ਦੀਆਂ ਲਗਾਤਾਰ ਕੁੱਟਮਾਰ ਦੀਆਂ ਵੀਡੀਓ ਅਤੇ ਫ਼ੋਟੋਆਂ ਸਾਹਮਣੇ ਆ ਰਹੀਆਂ ਹਨ। 

ਦੱਸਣਾ ਬਣਦਾ ਹੈ ਕਿ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ ਨੰਗਾ ਚਿੱਟਾ ਸਰਕਾਰੀ ਜਬਰ ਹੈ, ਜਿਹੜਾ ਬੇਰੁਜ਼ਗਾਰਾਂ ਦੀ ਆਵਾਜ਼ ਬੰਦ ਕਰਕੇ ਹੱਕਾਂ ਹਿੱਤਾਂ ਦੀ ਲੜ੍ਹਾਈ ਨੂੰ ਦਬਾਉਣ ਜਿਹੀਆਂ ਲੋਕ ਵਿਰੋਧੀ ਨੀਤੀਆਂ ਦਾ ਪ੍ਰਤੀਕ ਹੈ। ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਰਾਜ ਸੱਤਾ ਵਿੱਚ ਆਈ ਕੈਪਟਨ ਸਰਕਾਰ ਹੁਣ ਰੁਜ਼ਗਾਰ ਦੇਣ ਦੀ ਬਜਾਏ ਲਾਠੀ, ਗੋਲੀ ਦੀ ਨੀਤੀ ਤੇ ਉੱਤਰ ਆਈ ਹੈ। 

ਜਿਹੜੀ ਰੁਜ਼ਗਾਰ ਖੋਹ ਕੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਵੱਟਣ ਜਿਹੇ ਕਾਲੇ ਮਨਸੂਬਿਆਂ ਨੂੰ ਜੱਗ ਜ਼ਾਹਰ ਕਰਦੀ ਹੈ। 'ਨਿਊਜ਼ਨੰਬਰ' ਨਾਲ ਵਿਚਾਰ ਸਾਂਝੇ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਤੇ ਸਕੱਤਰ ਸਰਵਣ ਸਿੰਘ ਔਜਲਾ ਨੇ ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। 

ਸਰਕਾਰ ਦੇ ਅਜਿਹੇ ਕਦਮਾਂ ਦੀ ਤਿੱਖੀ ਆਲੋਚਨਾ ਕਰਦਿਆਂ ਸੂਬਾਈ ਆਗੂਆਂ ਨੇ ਆਖਿਆ ਕਿ ਮੀਡੀਆ ਵਿੱਚ ਨਿੱਤ ਰੋਜ਼ ਵਿਕਾਸ ਦੇ ਝੂਠੇ ਦਾਅਵੇ ਕਰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇਣ ਵਾਲੀ ਸਰਕਾਰ ਬੇਰੁਜ਼ਗਾਰਾਂ ਨੂੰ ਸੜਕਾਂ 'ਤੇ ਰੋਲ ਰਹੀ ਹੈ। ਆਗੂਆਂ ਨੇ ਆਖਿਆ ਕੈਪਟਨ ਹਕੂਮਤ ਆਪਣੇ ਧਨਾਢ ਵਿਧਾਇਕਾਂ, ਮੰਤਰੀਆਂ ਦੇ ਧੀਆਂ ਪੁੱਤਰਾਂ ਨੂੰ ਨੌਕਰੀਆਂ ਦੇਣ ਲਈ ਪੱਬਾਂ ਭਰ ਹੈ। ਪਰ ਕਾਬਲ ਤੇ ਯੋਗ ਬੇਰੁਜ਼ਗਾਰ ਅਧਿਆਪਕਾਂ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ।