ਪੜ੍ਹਾਈ ਤੋਂ ਪੱਛੜੇ ਗ਼ਰੀਬਾਂ ਦੇ ਮਾਸੂਮ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਕਹਿਰ ਨੇ ਬੇਸ਼ੱਕ ਅਣਗਿਣਤ ਲੋਕਾਂ ਨੂੰ ਜਾਨ ਲਈ ਹੈ, ਪਰ ਇਸ ਕੋਰੋਨਾ ਦੀ ਆੜ ਵਿੱਚ ਮੜੀਆਂ ਗਈਆਂ ਪਾਬੰਦੀਆਂ ਨੇ ਵਿਦਿਆਰਥੀਆਂ ਕੋਲੋਂ ਉਨ੍ਹਾਂ ਦੀ ਪੜ੍ਹਾਈ ਵੀ ਖੋਹ ਲਈ ਹੈ। ਪੰਜਾਬ ਸਮੇਤ ਦੇਸ਼ ਦੇ ਕਰੀਬ 80 ਪ੍ਰਤੀਸ਼ਤ ਤੋਂ ਵੱਧ ਵਿਦਿਆਰਥੀ ਨੂੰ ਨਹੀਂ ਪਤਾ ਕਿ, ਉਨ੍ਹਾਂ ਦੀ ਕਲਾਸ ਦਾ ਪਿਛਲੇ ਸਾਲ ਦਾ ਸਲੇਬਲ ਕੀ ਸੀ? ਕਿਉਂਕਿ ਸਰਕਾਰ ਨੇ ਸਕੂਲ ਕਾਲਜ ਬੰਦ ਕਰ ਦਿੱਤੇ ਅਤੇ ਵਿਦਿਆਰਥੀਆਂ ਨੂੰ ਸਕੂਲਾਂ ਕਾਲਜਾਂ ਵਿੱਚ ਵੜਨ ਤੋਂ ਵਰਜ ਦਿੱਤਾ। 

ਇਸੇ ਤਰ੍ਹਾਂ ਗ਼ਰੀਬਾਂ ਦੇ ਮਾਸੂਮ ਬੱਚੇ ਪੜ੍ਹਾਈ ਤੋਂ ਪੱਛੜ ਗਏ ਅਤੇ ਇਹ ਸਿਲਸਿਲਾ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਹੈ। ਖ਼ੈਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਮੋਹਨ ਸਿੰਘ ਔਲਖ ਨੇ 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਪੀਐਸਯੂ ਵੱਲੋਂ ਸਕੂਲ ਕਾਲਜ ਖੁਲਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਕੇ ਕਾਲਜ ਅਤੇ ਸਕੂਲ ਖੁੱਲ੍ਹਵਾਉਣ ਦੀ ਮੰਗ ਕੀਤੀ ਜਾ ਰਹੀ ਹੈ। 

ਵਿਦਿਆਰਥੀ ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਪਿਛਲੇ ਡੇਢ ਸਾਲ ਤੋਂ ਵਿਦਿਅਕ ਅਦਾਰੇ ਬੰਦ ਹੋਣ ਕਾਰਨ ਆਪਣੀ ਪੜਾਈ ਦਾ ਨੁਕਸਾਨ ਝੱਲ ਰਹੇ ਹਨ। ਆਨਲਾਈਨ ਮਾਧਿਅਮ ਜੋ ਸਾਡੀ ਆਫਲਾਈਨ ਪੜਾਈ ਦਾ ਬਦਲ ਦਿੱਤਾ ਗਿਆ ਸੀ, ਉਹ ਕਾਰਗਾਰ ਸਾਬਤ ਨਹੀਂ ਹੋਇਆ। ਮੈਡੀਕਲ/ਨਾਨ ਮੈਡੀਕਲ ਦੇ ਵਿਦਿਆਰਥੀ ਜਿੰਨਾਂ ਦੀ ਪੜਾਈ ਪ੍ਰੈਕਟੀਕਲ ਲੈਬ ਵਿੱਚ ਹੁੰਦੀ ਹੈ, ਉਹ ਫੋਂਨਾ ਉੱਪਰ ਨਹੀਂ ਹੋ ਸਕਦੀ। 

ਮਜ਼ਦੂਰ ਪਰਿਵਾਰਾਂ ਦੇ ਵਿਦਿਆਰਥੀ ਫੀਸਾਂ ਦੇ ਬੋਝ ਦੇ ਨਾਲ ਮਹਿੰਗੇ ਮੋਬਾਈਲ ਅਤੇ ਨੈੱਟ ਪੈਕ ਦੇ ਕਾਰਨ ਪੜਾਈ ਤੋਂ ਪਛੜੇ ਹਨ। ਹੁਣ ਜਦੋਂ ਕਿ ਸਰਕਾਰ ਵੱਲੋਂ ਕਰੋਨਾ ਵਾਇਰਸ ਦੀ ਲਾਗ ਘੱਟ ਹੋਣ ਕਾਰਨ ਲਾਕਡਾਊਨ ਦੇ ਵਿੱਚ ਢਿੱਲ ਕੀਤੀ ਗਈ ਹੈ, ਨਿੱਜੀ ਬਜਾਰ ਤੇ ਹੋਰ ਅਦਾਰੇ ਖੋਲੇ ਗਏ ਹਨ ਤਾਂ ਅਸੀਂ ਵਿਦਿਆਰਥੀਆਂ ਦੇ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਵਿੱਦਿਅਕ ਸੰਸਥਾਵਾਂ ਖੋਲੇ ਜਾਣ ਦੀ ਮੰਗ ਕਰਦੇ ਹਾਂ, ਤਾਂ ਜੋ ਵਿਦਿਆਰਥੀਆਂ ਦੇ ਭੱਵਿਖ ਨਾਲ ਖਿਲਵਾੜ ਨਾ ਹੋਵੇ।