ਖੇਤੀ ਕਾਨੂੰਨਾਂ ਨੂੰ ਗਲਤ ਮੰਨ ਕੇ ਵੀ ਰੱਦ ਨਹੀਂ ਕਰ ਰਿਹੈ! (ਵਿਅੰਗ)

ਇਹ ਏਕੇ ਦੀ ਲੱਠ, ਸਿਰ ਵਿੱਚ ਦੁਸ਼ਮਣ ਦੇ। ਕਿਸਾਨ ਸੰਘਰਸ਼ ਦੀ ਤਾਕਤ ਵਧੀ, ਕਈ ਗੁਣਾਂ। ਆਗੂ ਟੀਮ ਨੂੰ ਸਹਾਰਾ, ਕਾਡਰ ਨੂੰ ਉਤਸ਼ਾਹ। ਸੰਘਰਸ਼ ਦੀ ਵਾਜਬੀਅਤ 'ਤੇ ਮੋਹਰ, ਮੰਗਾਂ ਦੀ ਦਰੁਸਤੀ ਦਾ ਗਵਾਹ। ਹਾਕਮ 'ਤੇ ਦਬਾਅ, ਜਾਬਰ ਚਾਲਾਂ ਵਿੱਚ ਰੁਕਾਵਟ। ਲੋੜੀਂਦੇ ਸਮੇਂ ਦਿੱਤਾ, ਸੰਗਠਿਤ ਲੋਕ ਹਿੱਸਿਆਂ ਵੱਲੋਂ ਦਿੱਤਾ ਅਤੇ ਬਿਨਾਂ ਸਰਤ ਦਿੱਤਾ ਸਮਰਥਨ, ਸੋਨੇ 'ਤੇ ਸੁਹਾਗਾ। ਸੰਗਠਨਾਂ ਦਾ ਇਹ ਕਦਮ, ਹੌਂਸਲੇ ਤੇ ਸਲਾਘਾ ਭਰਿਆ।

ਹਾਕਮ ਦੀ ਗਿਣਤੀ ਪੁੱਠੀ ਪਾਈ, ਹੱਲੇ ਨੂੰ ਰੋਕ। ਸਮਰਥਨ, ਬਣੇ ਭਖੇ ਹਾਲਾਤ ਨੂੰ ਹੁੰਗਾਰਾ। ਹਾਕਮ ਨਿੱਤ ਨਵੀਂ ਚੂੜੀ ਚੜ੍ਹਾਉਂਦਾ, ਕਸੀ ਆਉਂਦਾ। ਜਿਉਣਾ ਮੁਹਾਲ ਬਣਾ'ਤਾ। ਬੋਲਣ ਵੀ ਨੀਂ ਦਿੰਦਾ। ਜਮੀਨਾਂ ਖੁੱਸਣ ਦੇ ਸੰਸੇ। ਨੌਕਰੀਆਂ, ਤਨਖਾਹਾਂ ਛਾਂਗੇ ਜਾਣ ਦਾ ਫਿਕਰ। ਘੱਟ ਰਹੇ ਰੁਜਗਾਰ ਤੇ ਭਰਤੀ ਬੰਦ ਦੀ ਟੈਂਸਨ। ਦੋ ਡੰਗ ਦੀ ਰੋਟੀ ਦੀ ਚਿੰਤਾ। ਬੱਚਿਆਂ ਦੀ ਪੜ੍ਹਾਈ ਤੇ ਪਰਵਰਿਸ ਦਾ ਝੋਰਾ। ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ। 

ਮਨਾਂ ਵਿਚ ਔਖ ਤੇ ਤਣਾਅ। ਬੇਆਸੀ ਤੇ ਗੁੱਸੇ ਦਾ ਰਲਵਾਂ ਗੁੱਭ ਗੁਬ੍ਹਾਟ, ਇੱਕ ਗੋਲਾ ਜਿਹਾ। ਸੰਘਰਸ ਤੋਂ ਆਸ ਨੂੰ ਚੁਆਤੀ, ਗੋਲਾ ਫਟਿਆ, ਗੁੱਭ ਗੁਬ੍ਹਾਟ ਸਮਰਥਨ ਵਿੱਚ ਵਟਿਆ। ਪਿੰਡੋਂ-ਪਿੰਡ ਅਤੇ ਸ਼ਹਿਰੋ-ਸ਼ਹਿਰ, ਸਮਰਥਨ ਦੀ ਉਠੀ ਲਹਿਰ। ਸਮਰਥਨ ਕਮੇਟੀਆਂ, ਰੈਲੀਆਂ ਤੇ ਮਾਰਚ। ਤਖਤੀਆਂ ਤੇ ਬੈਨਰ, ਇੱਕਠ ਤੇ ਰੋਹ, ਹਾਕਮ ਨੂੰ ਵੰਗਾਰੇ।

ਗੀਤ, ਨਾਟਕ, ਕਿਤਾਬਾਂ, ਭਾਸ਼ਣ ਤੇ ਲੇਖ, ਦਲੀਲ ਨੂੰ ਬਲ ਦਿੰਦੀਆਂ। ਖਾਣ-ਪੀਣ ਤੇ ਰਹਿਣ-ਸਹਿਣ ਦਾ ਸਮਾਨ, ਸਰਦੀ ਗਰਮੀ ਵਿੱਚ ਡਟੇ ਰਹਿਣ ਦੀ ਤਾਕਤ। ਨਾ ਚੰਦੇ ਦੀ ਤੋਟ, ਨਾ ਬੰਦੇ ਦੀ ਘਾਟ, ਵੇਹੜਾ ਭਰਿਆ ਭਰਿਆ। ਇੱਕ ਅਧਿਆਪਕ ਸੰਗਠਨ ਵੱਲੋਂ ਦਸ ਲੱਖ ਰੁਪਏ, ਸੰਘਰਸ ਦੀ ਤਕੜਾਈ।

ਵਿਦੇਸ਼ਾਂ ਵਿੱਚ ਹਮੈਤੀ ਮੁਜ਼ਾਹਰੇ ਅਤੇ ਵਿਦੇਸ਼ੀ ਕਲਾਕਾਰਾਂ, ਖਿਡਾਰੀਆਂ, ਵਾਤਾਵਰਣ ਪ੍ਰੇਮੀਆਂ ਦੀ ਟੂਲ ਕਿੱਟ, ਅੰਤਰਰਾਸ਼ਟਰੀ ਸਮਰਥਨ। ਜੁਝਾਰੂ ਤਾਕਤ, ਸਨਅਤੀ-ਮਜਦੂਰ ਤੇ ਖੇਤ-ਮਜਦੂਰ, ਕਿਸਾਨ ਨਾਲ ਜੋਟੀ ਪਾ ਭੰਨਣਗੇ, ਹਾਕਮ ਦਾ ਗਰੂਰ। ਹਾਕਮ ਰਵੱਈਆ, ਭੁਲਾਇਆਂ ਵੀ ਨਾ ਭੁੱਲੇ! ਹਾਕਮ ਬੇਦਲੀਲਾ, ਹੰਕਾਰੀ, ਸੈਤਾਨ, ਕੱਟੜ ਫਿਰਕੂ, ਧੱਕੜ ਤੇ ਜੁਮਲੇਬਾਜ। ਕਾਨੂੰਨਾਂ ਨੂੰ ਗਲਤ ਮੰਨ ਕੇ ਵੀ ਰੱਦ ਨੀਂ ਕਰ ਰਿਹੈ। 'ਮੈਂ ਨਾ ਮਾਨੂੰ' ਜਿੱਦ ਫੜੀ ਖੜਾ।