ਅੰਦਰਲੀ ਗੱਲ: ਗੁੰਡਿਆਂ ਦੀ ਬਰਾਤ! (ਵਿਅੰਗ)

ਕਿਸਾਨੀ ਮੋਰਚਾ ਲੱਗਿਆ, ਕਿਸਾਨ ਮੋਰਚੇ ਵਿੱਚ ਗੱਜਿਆ! ਫਿਰਕੂ ਲੋਕ ਕੁੱਝ ਕਰ ਨਾ ਸਕੇ, ਫਿਰ ਵੀ ਹਾਕਮ ਭੱਜਿਆ! ਮੁਸਲਿਮ ਇਸਾਈ ਤੇ ਦਲਿਤ ਭਾਈਚਾਰਿਆਂ 'ਤੇ ਇੰਨੀਂ ਦਿਨੀਂ ਕਹਿਰ ਵਰਸਾਉਣ ਵਾਲੇ। ਸੀਏਏ ਦਾ ਵਿਰੋਧ 'ਤੇ 'ਗੋਲੀ ਮਾਰੋ..ਕੋ” ਦਾ ਗੰਦ ਬਕਣ ਵਾਲੇ। ਦਿੱਲੀ ਵਿੱਚ ਫਿਰਕੂ ਕਤਲੇਆਮ ਰਚਾਉਣ ਵਾਲੇ। ਜੇਐਨਯੂ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਸ਼ਾਹੀਨ ਬਾਗ ਮੋਰਚੇ ਵਿੱਚ ਗੁੰਡਾਗਰਦੀ ਕਰਨ ਵਾਲੇ। 

ਸਿੰਘੂ ਬਾਰਡਰ ਅਤੇ ਗਾਜੀਪੁਰ ਹਮਲਾ ਕਰਨ ਵਾਲੇ। ਗਏ ਸੀ ਮੋਰਚਾ ਭੰਨਣ, ਕਰ ਆਏ ਮੋਰਚਾ ਪੱਕਾ। ਘੜਿਆਂ ਦੇ ਚੱਪਣਾ ਤੋਂ ਨੱਕ ਬਚਾ ਕੇ ਭੱਜੇ। 26 ਜਨਵਰੀ, ਲਾਲ ਕਿਲ੍ਹੇ ਦੀ ਘਟਨਾ, ਹਾਕਮ ਦੀਆਂ ਵਾਛਾਂ ਖਿੱਲੀਆਂ। 'ਹੁਣ ਗੁੱਲੀ ਦਣ ਪਊ।' ਚੜ੍ਹ ਕੇ ਆਇਆ ਵੀ, ਸਾਰਾ ਲਾਮ ਲਸ਼ਕਰ ਲੈ ਕੇ। ਮੂਹਰੋਂ, ਸੌਦਾ ਮਹਿੰਗਾ ਜਾਪਿਆ। ਵਣਜ ਘਾਟੇ ਵਾਲਾ ਦਿੱਸਿਆ। ਝੱਟ ਪਿੱਛੇ ਵੱਜਿਆ। ਹੁਣ ਫੇਰ ਉਵੇਂ ਰੱਸੇ ਪੈੜੇ ਵੱਟ ਰਿਹੈ। ਕਸਰਾਂ ਕੱਢਣ ਦੀ ਤਾਕ ਵਿੱਚ ਆ। 

ਵੱਡੀ ਝਾਕ ਵਿੱਚ ਆ। ਸੰਘਰਸ਼ ਵਿੱਚ ਘਬਰਾਹਟ ਜਾਂ ਭੜਕਾਹਟ ਚਾਹੁੰਦਾ। ਧੁਖਦੇ ਰੋਹ ਨੂੰ ਝੋਕੇ ਲਈ, ਝੋਕਾਵੇ ਭਾਲਦਾ। ਕਰੋਨਾ, ਲੋਕਾਂ ਲਈ ਜਾਨ ਦਾ ਖੌਅ। ਬੀਮਾਰੀ, ਰੁਜ਼ਗਾਰਬੰਦੀ ਤੇ ਘਰਬੰਦੀ। ਬੇਰੁਜਗਾਰੀ, ਗਰੀਬੀ, ਭੁੱਖਮਰੀ ਤੇ ਮੌਤਾਂ। ਜੁਰਮਾਨੇ ਤੇ ਸਜਾਵਾਂ। ਕੁੱਲ ਮਿਲਾ ਕੇ ਨਿਰਾ ਫਾਹਾ। ਹਾਕਮਾਂ ਲਈ ਸੁਨਹਿਰੀ ਮੌਕਾ, ਪੂਰਾ ਲਾਹਾ। ਮੁਲਕ ਨੂੰ ਵੇਚਣ ਦਾ, ਹੱਥ ਰੰਗਣ ਦਾ। ਕਾਲੇ ਕਾਨੂੰਨ ਬਣਾਉਣ ਦਾ, ਲੋਕਾਂ ਗਲ ਪਾਉਣ ਦਾ।

ਸੰਘਰਸ਼ਾਂ ਨੂੰ ਰੋਕਣ ਦਾ। ਪਿਛਲੇ ਸਾਲ ਸ਼ਾਹੀਨ ਬਾਗ ਮੋਰਚੇ 'ਤੇ ਵਰਤਿਆ। ਇਧਰ ਵੀ ਸੈਨਤਾਂ ਜਿਹੀਆਂ ਕਰਦੈ। ਅੱਡੀਆਂ ਚੱਕ ਚੱਕ ਦੇਖਦਾ। ਇਸ ਸਭ ਦੇ ਹੁੰਦਿਆਂ, ਕੇਰਾਂ ਫੇਰ, ਹਾਕਮ ਦੇ ਸਿਰ, ਸੌ ਘੜਾ ਪਾਣੀ ਮੁਧਿਆ। ਚੜ੍ਹਾਈ ਤੇ ਚਤੁਰਾਈ, ਰਹਿ'ਗੀ ਧਰੀ ਧਰਾਈ। ਜਦ ਸੰਘਰਸ਼ ਦੇ ਮੋਢੇ ਨਾਲ ਮੋਢਾ ਆ ਜੁੜਿਆ, ਸਮਰਥਨ ਦਾ। ਸੰਗਠਨਾਂ ਦੇ ਸਮਰਥਨੀ ਕਾਫਲੇ ਦਿੱਲੀ ਸੰਘਰਸ਼ ਮੋਰਚੇ ਵਿੱਚ ਪਹੁੰਚੇ।