ਅਜੇ ਵੀ ਸਰਕਾਰ ਦੀ ਆਮਦਨੀ ਕਾਫੀ ਘੱਟ! (ਵਿਅੰਗ)

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਾਡੇ ਮੁਲਕ ਦੇ ਵਿੱਚ 'ਅੰਬਰ' ਵੇਲ ਦੇ ਵਾਂਗੂ ਵਧਦੀਆਂ ਹਨ। ਲਗਾਤਾਰ ਵੱਧਦੀਆਂ ਕੀਮਤਾਂ ਨੇ ਜਿੱਥੇ ਆਮ ਜਨਤਾ ਦਾ ਕੰਚੂਬਰ ਕੱਢ ਕੇ ਰੱਖ ਦਿੱਤਾ ਹੈ, ਉੱਥੇ ਹੀ ਸਰਕਾਰ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਵਾਅਦਾ ਤਾਂ ਸਸਤੇ ਭਾਅ ਪੈਟਰੋਲ ਡੀਜ਼ਲ ਦੇਣ ਦਾ ਕੀਤਾ ਸੀ, ਪਰ ਇਹ ਵਾਅਦਾ ਤਾਂ ਪੂਰਾ ਨਹੀਂ ਹੋਇਆ, ਉਲਟਾ ਦੇਸ਼ ਦੇ ਅੰਦਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਆਸਮਾਨ ਨੂੰ ਜ਼ਰੂਰ ਛੂਹ ਰਹੀਆਂ ਹਨ।

ਦੱਸ ਦਈਏ ਕਿ ਇੱਕ ਪਾਸੇ ਤਾਂ ਪੈਟਰੋਲ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ 100 ਰੁਪਏ ਤੋਂ ਵੀ ਟੱਪ ਗਿਆ ਹੈ, ਪਰ ਇਸ ਕੋਰੋਨਾ ਕਹਿਰ ਦੇ ਵਿੱਚ ਸਰਕਾਰ ਲੋਕ ਹਿੱਤ ਫ਼ੈਸਲੇ ਲੈਣ ਦੀ ਬਿਜਾਏ, ਪੈਟਰੋਲ ਡੀਜ਼ਲ ਦੀਆਂ ਲੰਗਾਮਾਂ ਖੋਲ੍ਹ ਕੇ ਜਨਤਾ ਦੀ ਲੁੱਟ ਕਰ ਰਹੀ ਹੈ। ਹੁਣ ਆਹ ਨਰਿੰਦਰ ਮੋਦੀ ਦੇ ਪੈਟਰੋਲੀਅਮ ਮੰਤਰੀ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਤੇ ਬੇਤੁਕਾ ਬਿਆਨ ਦੇ ਕੇ ਨਵੀਂ ਹੀ ਜੰਗ ਛੇੜ ਦਿੱਤੀ ਹੈ। 

ਕੇਂਦਰੀ ਪੈਟਰੋਲੀਅਮ ਮੰਤਰੀ ਧਮਿੰਦਰ ਪ੍ਰਧਾਨ ਨੇ ਆਸਮਾਨ ਛੂਹ ਰਹੀਆਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ 'ਤੇ ਬੋਲਦਿਆਂ ਕਿਹਾ ਕਿ, ਅਜੇ ਸਰਕਾਰ ਦੀ ਆਮਦਾਨੀ ਕਾਫੀ ਘੱਟ ਹੋ ਗਈ ਹੈ। ਵਿੱਤੀ ਸਾਲ 2020-21 ਦੌਰਾਨ ਆਮਦਨੀ ਘੱਟ ਰਹੀ ਅਤੇ ਇਸਦੇ 2021-22 ਵਿੱਚ ਵੀ ਘੱਟ ਹੋਣ ਦੇ ਆਸਾਰ ਹਨ। ਉਨ੍ਹਾਂ ਨੇ ਕਿਹਾ ਕਿ ਆਮਦਨੀ ਘੱਟ ਹੋਈ ਹੈ ਅਤੇ ਸਰਕਾਰ ਦਾ ਖਰਚਾ ਵਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੈਲਥ ਸੈਕਟਰ ਵਿੱਚ ਖਰਚਾ ਵਧਿਆ ਹੈ।

ਵੈਲਫ਼ੇਅਰ ਐਕਟੀਵਿਟੀਜ਼ ਵਿੱਚ ਵੀ ਸਰਕਾਰ ਖਰਚਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਧੇ ਖਰਚਿਆਂ ਅਤੇ ਘੱਟ ਹੋਈ ਆਮਦਨੀ ਨੂੰ ਦੇਖਦੇ ਹੋਏ ਡੀਜ਼ਲ ਪੈਟਰੋਲ ਦੇ ਭਾਅ ਘੱਟ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ। ਦੇਸ਼ ਦੇ ਪੈਟਰੋਲੀਅਮ ਮੰਤਰੀ ਨੇ ਸਾਫ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੇ ਭਾਅ ਫਿਲਹਾਲ ਘੱਟ ਨਹੀਂ ਹੋਣਗੇ। ਸਰਕਾਰ ਦੇ ਮੰਤਰੀ ਦਾ ਬਿਆਨ ਸਾਬਤ ਕਰਦਾ ਹੈ ਕਿ ਜਨਤਾ ਕੋਲੋਂ ਜੋ ਟੈਕਸ ਲਿਆ ਜਾ ਰਿਹਾ ਹੈ, ਉਹਦੀ ਦੁਰਵਰਤੋਂ ਹੋ ਰਹੀ ਹੈ।