ਨੇਤਰਹੀਣਾਂ ਨੇ ਖੋਲ੍ਹੀਆਂ ਸਰਕਾਰ ਦੀਆਂ ਅੱਖਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਜਿੱਥੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਹੁਣ ਪੰਜਾਬ ਦੇ ਨੇਤਰਹੀਣਾਂ ਨੇ ਵੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਨੇਤਰਹੀਣਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ, ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ ਅਤੇ ਕਿਉਂਕਿ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਆਈ ਸੀ ਕਿ ਚੋਣਾਂ ਜਿੱਤਦਿਆਂ ਹੀ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। 

ਜਾਣਕਾਰੀ ਦੇ ਮੁਤਾਬਿਕ, ਕੱਲ੍ਹ ਜਦੋਂ ਨੇਤਰਹੀਣਾਂ ਨੇ ਨੌਕਰੀ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਨੇ ਬੈਰੀਕੇਡ ਲਗਾ ਕੇ, ਨੇਤਰਹੀਣਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਅਤੇ ਮੰਤਰੀ ਨੂੰ ਮਿਲਣ ਹੀ ਨਾ ਦਿੱਤਾ। ਇਸੇ ਤੋਂ ਦੁਖੀ ਨੇਤਰਹੀਣਾਂ ਨੇ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵਾਅਦਾ ਖ਼ਿਲਾਫ਼ੀ ਦੇ ਵੀ ਦੋਸ਼ ਲਗਾਏ। 

ਕੁੱਝ ਨੇਤਰਹੀਣਾਂ ਨੇ 'ਨਿਊਜ਼ਨੰਬਰ' ਨੂੰ ਦੱਸਿਆ ਕਿ ਉਨ੍ਹਾਂ ਮੰਗ ਹੈ ਕੀਤੀ ਕਿ ਸਥਾਨਕ ਸਰਕਾਰਾਂ ਵਿਭਾਗ ਵਿੱਚ 332 ਦੇ ਕਰੀਬ ਪੋਸਟਾਂ ਖਾਲੀ ਪਈਆਂ ਹਨ, ਜਿਨ੍ਹਾਂ 'ਤੇ ਇੰਟਰਵਿਊ ਲੈਣ ਤੋਂ ਬਾਅਦ ਵੀ ਨੇਤਰਹੀਣਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਹਨ। ਜਿਸ ਦੇ ਰੋਸ ਵਜੋਂ ਉਨ੍ਹਾਂ ਦਾ ਧਰਨਾ ਲੱਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ, ਜਦੋਂ ਤੱਕ ਨੇਤਰਹੀਣਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। 

ਬਲਾਈਂਡ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਸਾਰੇ ਵਿਭਾਗਾਂ ਦੇ ਵਿੱਚ ਨੇਤਰਹੀਣਾਂ ਦੀਆਂ ਪੋਸਟਾਂ ਨੂੰ ਬੈਕਲਾਗ ਕੀਤਾ ਗਿਆ ਹੈ ਜਿਨ੍ਹਾਂ ਤੇ ਹਾਲੇ ਤੱਕ ਸਰਕਾਰ ਵੱਲੋਂ ਭਰਤੀ ਵੀ ਨਹੀਂ ਕੀਤੀ ਜਾ ਰਹੀ ਹੈ। ਸੱਤਾ ਵਿਚ ਆਉਣ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਨੇਤਰਹੀਣਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਨੇਤਰਹੀਣਾਂ ਦੀ ਪੈਨਸ਼ਨ 2500 ਰੁਪਏ ਕੀਤੀ ਜਾਵੇਗੀ, ਜੋ ਫੈਸਲਾ ਹਾਲੇ ਤਕ ਲਾਗੂ ਨਹੀਂ ਕੀਤਾ ਗਿਆ ਹੈ, ਜਦਕਿ ਅਜਿਹੀ ਮਹਿੰਗਾਈ ਦੇ ਵਿੱਚ ਨੇਤਰਹੀਣਾਂ ਨੂੰ ਆਪਣਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਨੇਤਰਹੀਣਾਂ ਦੀ ਪੈਨਸ਼ਨ ਪੰਜ ਹਜਾਰ ਰੁਪਏ ਕੀਤੀ ਜਾਵੇ।